10 Corona Positive including member : ਜਲੰਧਰ ਵਿਚ ਸਿਵਲ ਹਸਪਤਾਲ ਵੱਲੋਂ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ, ਜਿਥੇ ਬੀਤੇ ਦਿਨ ਜ਼ਿਲੇ ਵਿਚ 10 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਉਥੇ ਸਿਵਲ ਹਸਪਤਾਲ ਵੱਲੋਂ ਮਾਡਲ ਹਾਊਸ ਦੇ ਇਕ ਮਰੀਜ਼ ਦੀ ਮੌਤ ਦਾ ਕਾਰਨ ਹਾਰਟ ਅਟੈਕ ਦੱਸਿਆ ਗਿਆ ਸੀ। ਇਨ੍ਹਾਂ ਦੱਸ ਮਾਮਲਿਆਂ ਵਿਚ ਚਾਰ ਮਾਮਲੇ ਉਸੇ ਮ੍ਰਿਤਕ ਵਿਅਕਤੀ ਦੇ ਪਰਿਵਾਰ ਨਾਲ ਸਬੰਧਤ ਹਨ। ਇਹ ਸਿਵਲ ਹਸਪਤਾਲ ਵੱਲੋਂ ਕੀਤੀ ਗਈ ਵੱਡੀ ਲਾਪਰਵਾਹੀ ਹੈ। ਹੁਣ ਹਸਪਤਾਲ ਪ੍ਰਸ਼ਾਸਨ ਇਸ ਮਾਮਲੇ ਨੂੰ ਲੈ ਕੇ ਟਾਲਮਟੋਲ ਕਰ ਰਿਹਾ ਹੈ। ਇਨ੍ਹਾਂ ਮਾਮਲਿਆਂ ਵਿਚ ਚਾਰ ਮਾਮਲੇ ਮਾਡਲ ਹਾਊਸ, ਦੋ ਰੋਜ਼ ਗਾਰਡਨ, ਦੋ ਕੇਸ ਟੈਗੋਰ ਨਗਰ, ਇਕ ਕੇਸ ਬਸਤੀ ਗੁਜਾਂ ਤੇ ਇਕ ਕੇਸ ਨਿਊ ਗ੍ਰੀਨ ਪਾਰਕ ਦਾ ਹੈ।
ਇਸ ਤੋਂ ਇਲਾਵਾ ਸ਼ਨੀਵਾਰ ਨੂੰ ਤਿੰਨ ਮਰੀਜ਼ਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਕੇ ਘਰ ’ਚ ਰਹਿਣ ਦੀ ਹਿਦਾਇਤ ਦਿੱਤੀ ਗਈ ਹੈ। ਇਸੇ ਦੇ ਨਾਲ ਹੀ ਜ਼ਿਲੇ ਵਿਚ ਮਰੀਜ਼ਾਂ ਦੀ ਕੁਲ ਗਿਣਤੀ 288 ਹੋ ਗਈ ਹੈ। ਮਾਡਲ ਹਾਊਸ ਵਿਚ ਰਹਿਣ ਵਾਲੇ ਜੋਤਿਸ਼ੀ ਨੀਰਜ ਤਿਵਾਰੀ ਦੀ ਭੈਣ ਦਾ ਕਹਿਣਾ ਹੈ ਕਿ ਉਸ ਦੇ ਭਰਾ ਨੂੰ ਕੁਝ ਦਿਨ ਪਹਿਲਾਂ ਟਾਇਫਾਈਡ ਹੋਣ ਕਾਰਨ ਕਾਰਨ ਤਿੰਨ ਜੂਨ ਨੂੰ ਉਸ ਦੀ ਤਬੀਅਤ ਖਰਾਬ ਹੋਣ ’ਤੇ ਉਹ ਸਿਵਲ ਹਸਪਤਾਲ ਆਏ। ਉਥੇ ਇਕ ਘੰਟੇ ਤੱਕ ਉਸ ਦਾ ਇਲਾਜ ਨਹੀਂ ਕੀਤਾ ਗਿਆ। ਇਸ ਤੋਂ ਬਾਅਦ ਡਾਕਟਰ ਮੌਕੇ ’ਤੇ ਪਹੁੰਚਿਆ ਅਤੇ ਉਸ ਨੂੰ ਦੇਖ ਕੇ ਮ੍ਰਿਤਕ ਐਲਾਨ ਕਰ ਦਿੱਤਾ ਅਤੇ ਹਾਰਟ ਅਟੈਕ ਨਾਲ ਉਸ ਦੀ ਮੌਤ ਹੋਣ ਦੀ ਗੱਲ ਕਹੀ। ਉਸ ਦੇ ਭਰਾ ਦੇ ਅੰਤਿਮ ਸੰਸਕਾਰ ਵਿਚ ਪਰਿਵਾਰ ਦੇ ਮੈਂਬਰ ਤੇ ਕੁਝ ਨੇੜਲੇ ਲੋਕ ਹੀ ਪਹੁੰਚੇ। ਹੁਣ ਉਨ੍ਹਾਂ ’ਤੇ ਵੀ ਇਸ ਵਾਇਰਸ ਦੀ ਲਪੇਟ ’ਚ ਆਉਣ ਦਾ ਖਤਰਾ ਮੰਡਰਾਉਣ ਲੱਗਾ ਹੈ। ਹਾਲਾਂਕਿ ਵੀਰਵਾਰ ਨੂੰ ਉਨ੍ਹਾਂ ਦੇ ਪਰਿਵਾਰ ਦੇ ਸੈਂਪਲ ਲਏ ਗਏ, ਜਿਨ੍ਹਾਂ ਵਿਚ ਚਾਰ ਮੈਂਬਰਾਂ ਨੂੰ ਕੋਰੋਨਾ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਵਿਚ ਮ੍ਰਿਤਕ ਦੀ ਭੈਣ, ਪਤਨੀ, ਬੇਟੀ ਤੇ ਬੇਟਾ ਸ਼ਾਮਲ ਹਨ।
ਇਸ ਪੂਰੇ ਮਾਮਲੇ ਵਿਚ ਸਿਲ ਹਸਪਤਾਲ ਦੇ ਮੈਡੀਕਲ ਸੁਪਰਿਟੈਂਡੈਂਟ ਡਾ. ਹਰਿੰਦਰਪਾਲ ਸਿੰਘ ਤੇ ਐਸਐਮਓ ਡਾ. ਕਸ਼ਮੀਰੀ ਲਾਲ ਦਾ ਕਹਿਣਾ ਹੈ ਕਿ ਮਰੀਜ਼ ਨੂੰ ਹਸਪਤਾਲ ਲਿਆਇਆ ਹੀ ਨਹੀਂ ਗਿਆ। ਹੋਸਕਦਾ ਹੈ ਕਿ ਉਸ ਨੂੰ ਈਐਸਆਈ ਹਸਪਤਾਲ ਲੈ ਗਏ ਹੋਮ। ਉਧਰ ਈਐਸਆਈ ਹਸਪਤਾਲ ਦੇ ਮੈਡੀਕਲ ਸੁਪਰਿਟੈਂਡੈਂਟ ਡਾ. ਲਵਲੀਨ ਗਰਗ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਜ਼ਿਰਕਯੋਗ ਹੈ ਕਿ ਮ੍ਰਿਤਕ ਦਾ ਸੈਂਪਲ ਨਾ ਲੈਣ ਕਾਰਨ ਹੁਣ ਕਿੰਨੇ ਹੀ ਲੋਕ ਇਸ ਵਾਇਰਸ ਦੀ ਲਪੇਟ ਵਿਚ ਆ ਸਕਦੇ ਹਨ, ਜੋ ਉਸ ਦੇ ਅੰਤਿਮ ਸੰਸਕਾਰ ਵਿਚ ਵੀ ਸ਼ਾਮਲ ਹੋਏ।