15 mobiles recovered from inmates : ਲੁਧਿਆਣਾ ਵਿਚ ਬੀਤੇ ਦਿਨ ਸ਼ਾਮ ਕੇਂਦਰੀ ਜੇਲ ਵਿਚ ਪੁਲਿਸ, ਜੇਲ ਗਾਰਦ ਅਤੇ ਸੁਆਰਪੀਐਫ ਟੀਮ ਵੱਲੋਂ ਸਾਂਝੇ ਤੌਰ ’ਤੇ ਸਰਚ ਆਪ੍ਰੇਸ਼ਨ ਦੌਰਾਨ ਉਥੇ ਦੇ ਕੈਦੀਆਂ ਤੋਂ 15 ਮੋਬਾਈਲ ਬਰਾਮਦ ਕੀਤੇ ਗਏ ਹਨ, ਜਿਸ ਦੇ ਚੱਲਦਿਆਂ ਥਾਣਾ ਨੰਬਰ 7 ਦੀ ਪੁਲਿਸ ਵੱਲੋਂ ਇਨ੍ਹਾਂ ਖਿਲਾਫ ਕੇਸ ਦਰਜ ਕਰਕੇ ਛਾਣਬੀਣ ਸ਼ੁਰੂ ਕਰ ਦਿੱਤੀ ਗਈ ਹੈ। ਇਸ ਤਰ੍ਹਾਂ ਕੈਦੀਆਂ ਕੋਲ ਮੋਬਾਈਲ ਮਿਲਣਾ ਜੇਲ ਪ੍ਰਸ਼ਾਸਨ ਦੇ ਪ੍ਰਬੰਧਾਂ ’ਤੇ ਸਵਾਲ ਉਠਾਉਂਦੀ ਹੈ ਕਿ ਇਨ੍ਹਾਂ ਕੈਦੀਆਂ ਕੋਲ ਇਹ ਮੋਬਾਈਲ ਆਏ ਕਿਥੋਂ। ਇਸ ਬਾਰੇ ਹੌਲਦਾਰ ਪਰਮਜੀਤ ਸਿੰਘ ਨੇ ਦੱਸਿਆ ਕਿ ਕੈਦੀਆਂ ਤੇ ਹਵਾਲਾਤੀਆਂ ਦੇ ਕਬਜ਼ੇ ਤੋਂ 10 ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ, ਜਦਕਿ ਪੁਲਿਸ ਦੀ ਸਰਚ ਦੌਰਾਨ 5 ਮੋਬਾਈਲ ਲਾਵਾਰਿਸ ਹਾਲਾਤ ਵਿਚ ਪਏ ਮਿਲੇ।
ਦੋਸ਼ੀਆਂ ਦੀ ਪਛਾਣ ਸੈਂਟਰਲ ਜੇਲ ਵਿਚ ਬੰਦ ਹਵਾਲਾਤੀ ਗੌਰਵ ਕੁਮਾਰ, ਬੂਸ਼ਣ, ਮਨਜੀਤ ਸਿੰਘ, ਮਨਦੀਪ ਸਿੰਘ, ਸਤਨਾਮ ਸਿੰਘ, ਕੁਲਦੀਪ ਸਿੰਘ, ਰਾਘਵ ਸ਼ਰਮਾ, ਕੈਦੀ ਸੋਹਨ ਲਾਲ, ਵਰਿੰਦਰ ਸਿੰਘ ਅਤੇ ਜਸਪ੍ਰੀਤ ਸਿੰਘ ਵਜੋਂ ਹੋਈ ਹੈ। ਉਨ੍ਹਾਂ ਖਿਲਾਫ ਸਹਾਇਕ ਜੇਲ ਸੁਪਰਿਟੈਂਡੈਂਟ ਕੁਲਦੀਪ ਸਿੰਘ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਗਿਆ ਹੈ। ਪਰਮਜੀਤ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਨੂੰ ਅਦਾਲਤ ਤੋਂ ਪ੍ਰੋਡਕਸ਼ਨ ਵਾਰੰਟ ਲਿਆ ਕੇ ਪਤਾ ਲਗਾਇਆ ਜਾਵੇਗਾ ਕਿ ਉਨ੍ਹਾਂ ਤੱਕ ਉਹ ਮੋਬਾਈਲ ਫੋਨ ਕਿਵੇਂ ਪਹੁੰਚੇ।
ਦੱਸਣਯੋਗ ਹੈ ਕਿ ਚਾਲੂ ਵਰ੍ਹੇ ਵਿਚ ਜੇਲ ਦੇ ਅੰਦਰ ਵੱਖ-ਵੱਖ ਸਮੇਂਦੌਰਾਨ ਹੋਈ ਸਰਚ ਵਿਚ ਹੁਣ ਤੱਕ 81 ਮੋਬਾਈਲ ਫੋਨ ਬਰਾਮਦ ਹੋ ਚੁੱਕੇ ਹਨ। ਮੰਗਲਵਾਰ ਮਿਲੇ ਫੋਨਾਂ ਤੋਂ ਬਾਅਦ ਹੁਣ ਤੱਕ 94 ਫੋਨ ਬਰਾਮਦ ਕੀਤੇ ਜਾ ਚੁੱਕੇ ਹਨ। ਇਸ ਤੋਂ ਪਹਿਲਾਂ 27 ਮਈ ਦੀ ਸ਼ਾਮ ਨੂੰ ਸੈਂਟਰਲ ਜੇਲ ਵਿਚ ਕੀਤੇ ਸਰਚ ਦੌਰਾਨ ਛੇ ਕੈਦੀਆਂ ਦੇ ਕਬਜ਼ੇ ਤੋਂ 6 ਮੋਬਾਈਲ ਮਿਲੇ ਸਨ ਜਦਕਿ ਇਕ ਮੋਬਾਈਲ ਲਾਵਾਰਿਸ ਪਿਆ ਮਿਲਆ। ਮਾਮਲੇ ਦੇ ਦੋਸ਼ੀਆਂ ਨੂੰ ਅਦਾਲਤ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਪੁੱਛਗਿਛ ਕੀਤੀ ਗਈ ਸੀ।