ਪੰਜਾਬ ਪੁਲਿਸ ਨੇ ਦਿੱਲੀ ਪੁਲਿਸ ਦੇ 2 ਹੈੱਡ ਕਾਂਸਟੇਬਲ ਗ੍ਰਿਫਤਾਰ ਕੀਤੇ ਹਨ ਜਦੋਂਕਿ 3 ਫਰਾਰ ਹੋਣ ਵਿਚ ਸਫਲ ਰਹੇ। ਇਨ੍ਹਾਂ ਪੁਲਿਸ ਵਾਲਿਆਂ ਨੇ ਮਿਲ ਕੇ ਇਕ ਗੈਂਗ ਬਣਾਇਆ ਹੋਇਆ ਸੀ ਜੋ ਦਿੱਲੀ ਪੁਲਿਸ ਦੇ ਰਿਕਾਰਡ ਵਿਚ ਭਗੌੜਾ ਕਰਾਰ ਮੁਲਜ਼ਮਾਂ ਦੇ ਘਰ ਛਾਪਾ ਮਾਰ ਕੇ ਪੈਸੇ ਵਸੂਲਦੇ ਸਨ।
ਹੁਸ਼ਿਆਰਪੁਰ ਦੇ ਦਸੂਹਾ ਵਿਚ ਜਦੋਂ ਉਹ ਇਸੇ ਤਰ੍ਹਾਂ ਪੈਸੇ ਵਸੂਲਣ ਦੇ ਬਾਅਦ ਭਗੌੜਾ ਕਰਾਰ ਮੁਲਜ਼ਮ ਨੂੰ ਲਿਜਾਣ ਲੱਗੇ ਤਾਂ ਕਿਸੇ ਨੇ ਪੁਲਿਸ ਨੂੰ ਸੂਚਿਤ ਕੀਤਾ ਜਿਸ ਦੇ ਬਾਅਦ ਪੁਲਿਸ ਨੇ ਨਾਕਾਬੰਦੀ ਕਰਕੇ ਬਿਨਾਂ ਨੰਬਰ ਦੀ ਸਕਾਰਪੀਓ ਸਣੇ ਉਨ੍ਹਾਂ ਵਿਚੋਂ 2 ਨੂੰ ਫੜ ਲਿਆ। ਹੁਸ਼ਿਆਰਪੁਰ ਪੁਲਿਸ ਮੁਤਾਬਕ ਦਿੱਲੀ ਪੁਲਿਸ ਦੇ 5 ਹੈੱਡ ਕਾਂਸਟੇਬਲ ਮਨੋਜ, ਰਾਜਾ, ਜੋਗਿੰਦਰ ਸਿੰਘ, ਦਸਬੀਰ ਸਿੰਘ ਤੇ ਸ਼੍ਰੀਪਾਲ ਖਿਲਾਫ ਮਾਮਲਾ ਦਰਜ ਕੀਤਾ ਹੈ। ਇਨ੍ਹਾਂ ਵਿਚੋਂ ਮਨੋਜ ਤੇ ਰਾਜਾ ਨੂੰ ਤਾਂ ਫੜ ਲਿਆ ਗਿਆ ਹੈ ਤੇ ਬਾਕੀ 3 ਫਰਾਰ ਹਨ। ਮੁਲਜ਼ਮਾਂ ਕੋਲੋਂ 1.50 ਲੱਖ ਰੁਪਏ ਵੀ ਬਰਾਮਦ ਕੀਤੇ ਗਏ ਹਨ।
ਦਸੂਹਾ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਕੋਲ ਇਕ ਕਾਲੇ ਰੰਗ ਦੀ ਬਿਨਾਂ ਨੰਬਰ ਦੀ ਸਕਾਰਪੀਓ ਹੋਣ ਦੀ ਸੂਚਨਾ ਮਿਲੀ ਸੀ ਕਿ ਇਸ ਕਾਰ ਵਿਚ ਬੈਠੇ 5 ਲੋਕ ਮੁਕੇਰੀਆਂ ਤੋਂ ਕਿਸੇ ਵਿਅਕਤੀ ਨੂੰ ਕਿਡਨੈਪ ਕਰਕੇ ਭੱਜੇ ਹਨ। ਇਸ ਦੇ ਬਾਅਦ ਪੁਲਿਸ ਨੇ ਦਸੂਹਾ ਵਿਚ ਨਾਕਾ ਲਗਾ ਲਿਆ। ਜਦੋਂ ਪੁਲਿਸ ਨੇ ਸਕਾਰਪੀਓ ਰੋਕੀ ਤਾਂ ਜੋਗਿੰਦਰ, ਦਸਬੀਰ ਤੇ ਸ਼੍ਰੀਪਾਲ ਭੱਜਣ ਵਿਚ ਸਫਲ ਰਹੇ ਜਦੋਂ ਕਿ ਮਨੋਜ ਤੇ ਰਾਜਾ ਪੁਲਿਸ ਦੀ ਗ੍ਰਿਫਤ ਵਿਚ ਆ ਗਏ।
ਇਹ ਵੀ ਪੜ੍ਹੋ : ਗੁਰਦਾਸਪੁਰ ਪੁਲਿਸ ਵੱਲੋਂ ਹਥਿ/ਆਰਾਂ ਸਣੇ 6 ਲੋੜੀਂਦੇ ਮੁਲਜ਼ਮ ਗ੍ਰਿਫ਼ਤਾਰ, 15,000 ਡਰੱਗ ਮਨੀ ਵੀ ਕੀਤੀ ਬਰਾਮਦ
ਮਨੋਜ ਤੇ ਰਾਜਾ ਨੇ ਪੁਲਿਸ ਨੂੰ ਦੱਸਿਆ ਕਿ ਦੋਵੇਂ ਦਿੱਲੀ ਪੁਲਿਸ ਵਿਚ ਹੈੱਡ ਕਾਂਸੇਟਬਲ ਹਨ। ਹੋਰ ਤਿੰਨ ਵੀ ਇਸੇ ਅਹੁਦੇ ‘ਤੇ ਹਨ ਪਰ ਇਨ੍ਹਾਂ ਵਿਚੋਂ 2 ਬਰਖਾਸਤ ਕੀਤੇ ਜਾ ਚੁੱਕੇ ਹਨ। ਪੰਜਾਂ ਨੇ ਮਿਲ ਕੇ ਗੈਂਗ ਬਣਾਇਆ ਹੋਇਆ ਹੈ ਜੋ ਦਿੱਲੀ ਦੇ ਭਗੌੜਾ ਕਰਾਰ ਮੁਲਜ਼ਮਾਂ ਦੇ ਘਰ ਛਾਪਾ ਮਾਰ ਕੇ ਪੈਸੇ ਵਸੂਲਦੇ ਸਨ। ਮੁਲਜ਼ਮਾਂ ਖਿਲਾਫ ਧਾਰਾ 384 (ਜਬਰਨ ਵਸੂਲੀ) ਤੇ 120ਬੀ (ਸਾਜਿਸ਼ ਰਚਣ) ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਫਰਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”