ਕਾਂਗਰਸ ਦੀ ਭਾਰਤ ਜੋੜੋ ਯਾਤਰਾ ਸ਼੍ਰੀਨਗਰ ਵਿੱਚ ਸਮਾਪਤ ਹੋ ਗਈ ਹੈ। ਭਾਰਤ ਜੋੜੋ ਯਾਤਰਾ ਦੇ ਅੰਤ ‘ਚ ਵਿਰੋਧੀ ਧਿਰ ਦੀ ਏਕਤਾ ਨੂੰ ਲੈ ਕੇ ਕਾਂਗਰਸ ਦੀਆਂ ਉਮੀਦਾਂ ਨੂੰ ਇੱਥੇ ਝਟਕਾ ਲੱਗਾ ਹੈ। ਕਾਂਗਰਸ ਨੂੰ ਯਾਤਰਾ ਦੀ ਸਮਾਪਤੀ ਦੌਰਾਨ ਵਿਰੋਧੀ ਨੇਤਾਵਾਂ ਦੀ ਲੰਬੀ ਕਤਾਰ ਦੀ ਉਮੀਦ ਸੀ। ਪਰ ਸੋਮਵਾਰ ਨੂੰ ਪਾਰਟੀ ਹੱਥ ਨਿਰਾਸ਼ਾ ਲੱਗੀ। ਪਾਰਟੀ ਨੇ 23 ਦੇ ਕਰੀਬ ਪਾਰਟੀਆਂ ਨੂੰ ਸਮਾਪਤੀ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਸੀ, ਪਰ ਪ੍ਰੋਗਰਾਮ ਵਿੱਚ ਸਿਰਫ਼ 8 ਪਾਰਟੀਆਂ ਨੇ ਹੀ ਹਿੱਸਾ ਲਿਆ।
ਰਿਪੋਰਟ ਮੁਤਾਬਕ ਕਾਂਗਰਸ ਪ੍ਰਧਾਨ ਮਲਿੱਕਾਰਜੁਨ ਖੜਗੇ ਨੇ ਸਮਾਪਤੀ ਸਮਾਰੋਹ ਵਿੱਚ ਸ਼ਾਮਲ ਹੋਣ ਲਈ 23 ਸਿਆਸੀ ਪਾਰਟੀਆਂ ਦੇ ਮੁਖੀਆਂ ਨੂੰ ਸੱਦਾ ਦਿੱਤਾ ਸੀ, ਪਰ ਸ੍ਰੀਨਗਰ ਵਿੱਚ ਹੋਏ ਪ੍ਰੋਗਰਾਮ ਵਿੱਚ ਕੁਝ ਹੀ ਆਗੂ ਸ਼ਾਮਲ ਹੋਏ। ਕਾਂਗਰਸ ਨੂੰ ਉਮੀਦ ਸੀ ਕਿ ਜਿਨ੍ਹਾਂ ਪਾਰਟੀਆਂ ਨੂੰ ਸੱਦਾ ਦਿੱਤਾ ਗਿਆ ਹੈ, ਉਹ ਸ਼੍ਰੀਨਗਰ ਦੇ ਸ਼ੇਰ-ਏ-ਕਸ਼ਮੀਰ ਕ੍ਰਿਕਟ ਸਟੇਡੀਅਮ ਵਿੱਚ ਹੋਣ ਵਾਲੇ ਸਮਾਗਮ ਵਿੱਚ ਆਪਣੇ ਨੁਮਾਇੰਦਿਆਂ ਨੂੰ ਭੇਜਣਗੇ, ਪਰ ਅਜਿਹਾ ਨਹੀਂ ਹੋਇਆ।
ਕਾਂਗਰਸ ਦੇ ਸੀਨੀਅਰ ਨੇਤਾ ਜੈਰਾਮ ਰਮੇਸ਼ ਨੇ ਪਹਿਲਾਂ ਕਿਹਾ ਸੀ ਕਿ ਤੁਸੀਂ ਉਨ੍ਹਾਂ ਨੂੰ 30 ਤਰੀਕ ਨੂੰ ਸ਼੍ਰੀਨਗਰ ‘ਚ ਦੇਖੋਗੇ। ਇੱਥੇ ਬੈਠਕ ‘ਚ ਭਾਰਤ ਜੋੜੋ ਯਾਤਰਾ ਦੀ ਸਮਾਪਤੀ ਤੋਂ ਬਾਅਦ 2024 ਦੀਆਂ ਚੋਣਾਂ ਨੂੰ ਲੈ ਕੇ ਚੁੱਕੇ ਜਾਣ ਵਾਲੇ ਅਗਲੇ ਕਦਮ ‘ਤੇ ਚਰਚਾ ਕੀਤੀ ਜਾਵੇਗੀ। ਜੈਰਾਮ ਰਮੇਸ਼ ਦੇ ਇਸ ਬਿਆਨ ਤੋਂ ਇਲਾਵਾ ਸ਼੍ਰੀਨਗਰ ‘ਚ ਕੁਝ ਹੋਰ ਹੀ ਦੇਖਣ ਨੂੰ ਮਿਲਿਆ। ਰਾਹੁਲ ਗਾਂਧੀ ਦੀ ਅਗਵਾਈ ‘ਚ ਭਾਰਤ ਜੋੜੋ ਯਾਤਰਾ ‘ਚੋਂ ਬਿਹਾਰ ਦੀਆਂ ਦੋ ਸਿਆਸੀ ਪਾਰਟੀਆਂ ਦੀ ਗੈਰ-ਹਾਜ਼ਰੀ ਚਰਚਾ ਦਾ ਵਿਸ਼ਾ ਬਣੀ ਰਹੀ। ਬਿਹਾਰ ਵਿੱਚ ਸੱਤਾਧਾਰੀ ਜਨਤਾ ਦਲ ਯੂਨਾਈਟਿਡ (ਜੇਡੀਯੂ) ਅਤੇ ਰਾਸ਼ਟਰੀ ਜਨਤਾ ਦਲ (ਆਰਜੇਡੀ) ਦੋਵੇਂ ਸ੍ਰੀਨਗਰ ਨਹੀਂ ਪਹੁੰਚੇ। ਇਸ ਦੇ ਆਗੂ ਵੀ ਇਸ ਯਾਤਰਾ ਵਿੱਚ ਸ਼ਾਮਲ ਨਹੀਂ ਹੋਏ। ਖਾਸ ਗੱਲ ਇਹ ਹੈ ਕਿ ਬਿਹਾਰ ਵਿੱਚ ਮਹਾਗਠਜੋੜ ਸਰਕਾਰ ਵਿੱਚ ਜੇਡੀਯੂ ਅਤੇ ਆਰਜੇਡੀ ਕਾਂਗਰਸ ਦੇ ਨਾਲ ਹਨ।
ਇਹ ਵੀ ਪੜ੍ਹੋ : ਪਹਿਲੀ ਵਾਰ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਕੂਲਾਂ ‘ਚ ਬੱਚਿਆਂ ਤੱਕ ਸਾਰੀਆਂ ਕਿਤਾਬਾਂ ਪਹੁੰਚਾਏਗਾ PSEB
ਭਾਰਤ ਜੋੜੋ ਯਾਤਰਾ ਦੌਰਾਨ ਕਈ ਪਾਰਟੀਆਂ ਦੇ ਆਗੂਆਂ ਨੇ ਸ਼ਿਰਕਤ ਕੀਤੀ ਸੀ। ਯਾਤਰਾ ਦੌਰਾਨ ਕਾਂਗਰਸ ਨੂੰ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨਸੀਪੀ), ਸ਼ਿਵ ਸੈਨਾ (ਊਧਵ ਬਾਲਾ ਸਾਹਿਬ ਠਾਕਰੇ), JMM ਅਤੇ DMK ਨੇ ਸਮਰਥਨ ਦਿੱਤਾ। ਜਦੋਂ ਯਾਤਰਾ ਮਹਾਰਾਸ਼ਟਰ ਵਿੱਚ ਦਾਖਲ ਹੋਈ ਤਾਂ ਆਦਿਤਿਆ ਠਾਕਰੇ (ਸ਼ਿਵ ਸੈਨਾ) ਅਤੇ ਸੁਪ੍ਰੀਆ ਸੁਲੇ (ਐਨਸੀਪੀ) ਰਾਹੁਲ ਦੇ ਨਾਲ ਸਨ। ਸੰਜੇ ਰਾਉਤ ਵੀ ਰਾਹੁਲ ਗਾਂਧੀ ਨਾਲ ਜੰਮੂ ਗਏ ਸਨ। ਪਰ ਇਹ ਲੋਕ ਸ਼੍ਰੀਨਗਰ ਵਿੱਚ ਆਯੋਜਿਤ ਸਮਾਪਤੀ ਸਮਾਰੋਹ ਤੋਂ ਗੈਰ-ਹਾਜ਼ਰ ਰਹੇ।
ਡੀਐਮਕੇ ਦੇ ਤਿਰੂਚੀ ਸਿਵਾ, ਸੀਪੀਆਈ ਦੇ ਜਨਰਲ ਸਕੱਤਰ ਡੀ ਰਾਜਾ, ਨੈਸ਼ਨਲ ਕਾਨਫਰੰਸ ਦੇ ਉਮਰ ਅਬਦੁੱਲਾ, ਪੀਡੀਪੀ ਦੀ ਮਹਿਬੂਬਾ ਮੁਫਤੀ, ਆਰਐਸਪੀ ਦੇ ਐਨਕੇ ਪ੍ਰੇਮਚੰਦਰਨ ਅਤੇ ਆਈਯੂਐਮਐਲ ਦੇ ਕੇ. ਨਵਾਸ ਕਾਨੀ ਨੇ ਇੱਥੇ ਸਮਾਪਤੀ ਸਮਾਰੋਹ ਵਿੱਚ ਸ਼ਿਰਕਤ ਕੀਤੀ। ਸਮਾਪਤੀ ਸਮਾਰੋਹ ਵਿੱਚ JMM ਅਤੇ VCK ਦੇ ਨੁਮਾਇੰਦੇ ਵੀ ਮੌਜੂਦ ਸਨ।
ਵੀਡੀਓ ਲਈ ਕਲਿੱਕ ਕਰੋ -: