24 hours medical : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਲਮਗੀਰ ਅਤੇ ਤਲਵੰਡੀ ਸਾਬੋ ਵਿਖੇ ਕੋਰੋਨਾ ਕੋਵਿਡ ਸੈਂਟਰ ਖੋਲ੍ਹਿਆ ਗਿਆ ਹੈ ਜਿਸ ਅਧੀਨ ਕੋਰੋਨਾ ਮਰੀਜ਼ਾਂ ਨੂੰ ਮੁਫਤ ਸਿਹਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਲਮਗੀਰ ਵਿਖੇ 25 ਬੈੱਡਾਂ ਦਾ ਕੋਰੋਨਾ ਹਸਪਤਾਲ ਖੋਲ੍ਹਿਆ ਗਿਆ ਹੈ ਤੇ ਇਸੇ ਤਰ੍ਹਾਂ ਤਲਵੰਡੀ ਸਾਬੋ ਵਿਖੇ 50 ਬੈੱਡ ਦਾ ਕੋਵਿਡ ਕੇਅਰ ਹਸਪਤਾਲ ਖੋਲ੍ਹਿਆ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੋਵਿਡ ਸੈਂਟਰ ਖੋਲ੍ਹਣਾ ਸਮੇਂ ਦੀ ਜ਼ਰੂਰਤ ਸੀ ਅਤੇ ਸ਼੍ਰੋਮਣੀ ਕਮੇਟੀ ਨੇ ਇਹ ਸੇਵਾ ਕਰਕੇ ਮੌਕੇ ਨੂੰ ਸੰਭਾਲਿਆ ਹੈ।
ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਵਧਦੇ ਪ੍ਰਕੋਪ ਨੂੰ ਧਿਆਨ ਵਿਚ ਰੱਖਦੇ ਹੋਏ ਪੰਜਾਬ ਵਾਸੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਏ ਰੱਖਣ ਲਈ ਸਾਡੀਆਂ ਟੀਮਾਂ ਜ਼ਮੀਨੀ ਪੱਧਰ ‘ਤੇ ਜੁੜ ਕੇ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ SGPC ਵੱਲੋਂ ਚੱਲ ਰਹੇ ਆਲਮਗੀਰ ਤੇ ਤਲਵੰਡੀ ਸਾਬੋ ਕੋਵਿੰਡ ਕੇਅਰ ਸੈਂਟਰਾਂ ਵਿਚ 24 ਘੰਟੇ ਡਾਕਟਰੀ ਸਹਾਇਤਾ ਤੇ ਆਕਸੀਜਨ ਲੰਗਰਾਂ ਦਾ ਲਾਭ ਲੋੜਵੰਦ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ।
ਸੁਖਬੀਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਦੀ ਪਲਾਜ਼ਮਾ ਤੇ ਖੂਨਦਾਨ ਸੇਵਾ ਵੀ ਕੋਰੋਨਾ ਮਰੀਜ਼ਾਂ ਦੀ ਸਿਹਤਯਾਬੀ ਦਾ ਆਧਾਰ ਬਣ ਰਹੀ ਹੈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਇਹ ਵੀ ਕਿਹਾ ਕਿ ਕੋਰੋਨਾ ਕੇਅਰ ਸੈਂਟਰ ਦੇ ਨੇੜੇ ਪੂਰੀ ਤਰ੍ਹਾਂ ਨਾਲ ਲੈਸ ਐਂਬੂਲੈਂਸ ਵੀ ਤਾਇਨਾਤ ਕੀਤੀ ਜਾਵੇਗੀ ਤਾਂ ਜੋ ਲੋੜ ਪੈਣ ‘ਤੇ ਮਰੀਜ਼ਾਂ ਨੂੰ ਲਿਆਂਦਾ ਜਾ ਸਕੇ ਅਤੇ ਉਨ੍ਹਾਂ ਨੂੰ ਇਲਾਜ ਦੀ ਸਹੂਲਤ ਪ੍ਰਦਾਨ ਕੀਤੀ ਜਾ ਸਕੇ।