ਪੰਜ ਰਾਜਾਂ ਵਿੱਚ ਚੱਲ ਰਹੀਆਂ ਵਿਧਾਨ ਸਭਾ ਚੋਣਾਂ ਵਿਚਾਲੇ 25 ਬੀਜੇਪੀ ਨੇਤਾਵਾਂ ਨੂੰ ਕੇਂਦਰੀ ਸੁਰੱਖਿਆ ਮਿਲੀ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਪੰਜਾਬ ਤੇ ਉੱਤਰ ਪ੍ਰਦੇਸ਼ ਦੇ ਹਨ। ਇਨ੍ਹਾਂ ਵਿੱਚ ਹੰਸਰਾਜ ਹੰਸ ਵੀ ਸ਼ਾਮਲ ਹਨ, ਜਿਨ੍ਹਾਂ ਦਾ ਪਿਛਲੇ ਦਿਨੀਂ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ ਸੀ। ਕੁਝ ਨੇਤਾਵਾਂ ‘ਤੇ ਹਮਲੇ ਵੀ ਹੋ ਚੁੱਕੇ ਹਨ, ਜਿਸ ਕਰਕੇ ਕੇਂਦਰੀ ਗ੍ਰਹਿ ਮੰਤਰਾਲਾ ਨੇ ਉਨ੍ਹਾਂ ਦੀ ਸੁਰੱਖਿਆ ਵਧਾਉਣ ਦਾ ਫੈਸਲਾ ਕੀਤਾ ਹੈ।
ਕੇਂਦਰੀ ਰਾਜ ਮੰਤਰੀ ਐੱਸ.ਪੀ. ਸਿੰਘ ਬਘੇਲ ਨੂੰ CISF ਦੀ Z-ਕੈਟਾਗਰੀ ਦੀ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ। ਉਹ ਮੈਨਪੁਰੀ ਵਿੱਚ ਕਰਹਲ ਵਿਧਾਨ ਸਭਾ ਸੀਟ ਤੋਂ ਸਪਾ ਪ੍ਰਮੁੱਖ ਅਖਿਲੇਸ਼ ਯਾਦਵ ਖਿਲਾਫ ਚੋਣ ਲੜ ਰਹੇ ਹਨ। ਬਘੇਲ ਨੂੰ ਪਹਿਲਾਂ Y-ਕੈਟਾਗਰੀ ਦੀ ਸੁਰੱਖਿਆ ਮਿਲੀ ਸੀ। ਹਾਲ ਹੀ ਵਿੱਚ ਮੈਨਪੁਰੀ ਵਿੱਚ ਉਨ੍ਹਾਂ ਦੇ ਕਾਫਲੇ ‘ਤੇ ਪਥਰਾਅ ਕੀਤਾ ਗਿਆ ਸੀ। ਦਿੱਲੀ ਦੇ ਸਾਂਸਦ ਹੰਸ ਰਾਜ ਹੰਸ ਨੂੰ ਉਨ੍ਹਾਂ ਦੇ ਦੌਰੇ ਲਈ Z-ਕੈਟਾਗਰੀ ਤੇ ਉੱਤਰ ਪ੍ਰਦੇਸ਼ ਦੇ ਭਦੋਹੀ ਤੋਂ ਬੀਜੇਪੀ ਰਮੇਸ਼ ਚੰਦ ਬਿੰਦ ਨੂੰ X-ਕੈਟਾਗਰੀ ਦੀ ਸੁਰੱਖਿਆ ਮਿਲੀ ਹੈ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਇਨ੍ਹਾਂ ਤਿੰਨਾਂ ਤੋਂ ਇਲਾਵਾ ਹੋਰ ਸਾਰੇ ਬੀਜੇਪੀ ਨੇਤਾਵਾਂ ਨੂੰ ਚੋਣਾਂ ਤੱਕ ਕੇਂਦਰੀ ਰਿਜ਼ਰਵ ਪੁਲਿਸ ਬਲ (CRPF) ਦੀ Y ਤੇ Y-ਪਲੱਸ ਕੈਟਾਗਰੀ ਦੀ ਸੁਰੱਖਿਆ ਦਿੱਤੀ ਗਈ ਹੈ। ਇਨ੍ਹਾਂ ਵਿੱਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿਘ ਚੰਨੀ ਦੀ ਸਾਬਕਾ ਸਹਿਯੋਗੀ ਨਿਮਿਸ਼ਾ ਮਹਿਤਾ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਅਵਤਾਰ ਸਿੰਘ ਜ਼ੀਰਾ, ਸਰਦਾਰ ਦੀਦਾਰ ਸਿੰਘ ਭੱਟੀ, ਸਰਦਾਰ ਕੰਵਰ ਵੀਰ ਸਿੰਘ ਤੋਹਰਾ, ਸਰਦਾਰ ਗੁਰਪ੍ਰੀਤ ਸਿੰਘ ਭੱਟੀ, ਸਰਦਾਰ ਹਰਿਓਤ ਕਮਲ, ਸੁਖਵਿੰਦਰ ਸਿੰਘ ਬਿੰਦਰਾ ਤੇ ਪਰਮਿੰਦਰ ਸਿੰਘ ਢੀਂਡਸਾ ਸਣੇ ਕਈ ਨਾਂ ਹਨ।
ਗ੍ਰਹਿ ਮੰਤਰਾਲਾ ਦੇ ਸੂਤਰਾਂ ਨੇ ਦੱਸਿਆ ਕਿ ਮੰਤਰਾਲਾ ਨੂੰ ਖੁਫੀਆ ਬਿਊਰੋ ਰਿਪੋਰਟ ਮਿਲੀ ਹੈ ਕਿ ਚੋਣਾਂ ਦੌਰਾਨ ਇਨ੍ਹਾਂ ਨੇਤਾਵਾਂ ਦੀ ਜਾਨ ਨੂੰ ਖਤਰਾ ਹੈ। ਦੂਜੇ ਪਾਸੇ ਪੰਜਾਬ ਵਿੱਚ ਜਿਨ੍ਹਾਂ ਨੇਤਾਵਾਂ ਨੂੰ ਸੁਰੱਖਿਆ ਦਿੱਤੀ ਗਈ ਹੈ, ਉਨ੍ਹਾਂ ਵਿੱਚੋਂ ਕਈ ਨੇਤਾ ਹਾਲ ਹੀ ਵਿੱਚ ਬੀਜੇਪੀ ਵਿੱਚ ਸ਼ਾਮਲ ਹੋਏ ਹਨ। ਇੱਕ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਵਿੱਚੋਂ ਇੱਕ ਨੇਤਾ ਨੇ ਤਾਂ ਕੇਂਦਰ ਨੂੰ ਚਿੱਠੀ ਲਿਖ ਕੇ ਆਪਣੀ ਜਾਨ ਨੂੰ ਖਤਰਾ ਹੋਣ ਦਾ ਦਾਅਵਾ ਕੀਤਾ ਸੀ ਤੇ ਕੇਂਦਰੀ ਸਰੁੱਖਿਆ ਦੀ ਮੰਗ ਕੀਤੀ ਸੀ।