9 Year Old Creates New website : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਮੰਜੀ ਹਾਲ ਗੁਰਦੁਆਰਾ ਸਾਹਿਬ ਵਿਖੇ ਐਸਜੀਪੀਸੀ ਦੀ ਨਵੀਂ ਵੈੱਬਸਾਈਟ ਲਾਂਚ ਕੀਤੀ ਗਈ। ਸਭ ਤੋਂ ਮਹੱਵਤਵਪੂਰਨ ਗੱਲ ਤਾਂ ਇਹ ਹੈ ਕਿ ਇਹ ਵੈੱਬਸਾਈਟ 9 ਸਾਲ ਦੇ ਬੱਚੇ ਵੱਲੋਂ ਆਪਣੇ ਪਰਿਵਾਰ ਦੇ ਸਹਿਯੋਗ ਨਾਲ ਇਹ ਵੈੱਬਸਾਈਟ ਬਣਾਈ ਗਈ ਹੈ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਵਿਦਿਅਕ ਅਦਾਰਿਆਂ ਦੇ ਅੰਮ੍ਰਿਤ ਧਾਰੀ ਵਿਦਿਆਰਥੀਆਂ ਨੂੰ ਅੱਜ 1 ਕਰੋੜ 31 ਲੱਖ ਰੁਪਏ ਦੀ ਵਜ਼ੀਫ਼ਾ ਰਾਸ਼ੀ ਵੀ ਵੰਡੀ ਗਈ
ਇਸ ਵੈੱਬਸਾਈਟ ਤੋਂ ਸੰਗਤਾਂ ਸ਼੍ਰੋਮਣੀ ਕਮੇਟੀ ਦੇ ਸਾਰੇ ਵਿਭਾਗਾਂ ਦੀ ਜਾਣਕਾਰੀ ਪ੍ਰਾਪਤ ਕਰ ਸਕਣਗੀਆਂ। ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਵੱਲੋਂ ਨਿਭਾਈਆਂ ਜਾਂਦੀਆਂ ਸੇਵਾਵਾਂ ਅਤੇ ਕੀਤੇ ਜਾਂਦੇ ਖ਼ਰਚਿਆਂ ਨੂੰ ਵੈੱਬਸਾਈਟ ’ਤੇ ਦਿਖਾਇਆ ਜਾਵੇਗਾ। ਸ਼੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ਿਤ ਕੀਤੀਆਂ ਗਈਆਂ ਸਿੱਖ ਇਤਿਹਾਸ ਅਤੇ ਗੁਰਮਤਿ ਵਿਚਾਰਧਾਰਾ ਨਾਲ ਸਬੰਧਤ ਸਾਰੀਆਂ ਪੁਸਤਕਾਂ ਵੀ ਵੈੱਬਸਾਈਟ ’ਤੇ ਡਿਜ਼ੀਟਲ ਰੂਪ ਵਿਚ ਉਪਲੱਬਧ ਹੋਣਗੀਆਂ। ਇਸ ਤੋਂ ਸ਼੍ਰੋਮਣੀ ਕਮੇਟੀ ਦਾ ਇਤਿਹਾਸ, ਮੌਜੂਦਾ ਅਹੁਦੇਦਾਰਾਂ ਅਤੇ ਮੈਂਬਰਾਂ ਬਾਰੇ ਜਾਣਕਾਰੀ, ਸ਼੍ਰੋਮਣੀ ਕਮੇਟੀ ਦੇ ਹੁਣ ਤੱਕ ਰਹੇ ਪ੍ਰਧਾਨਾਂ ਦਾ ਵੇਰਵਾ, ਸ੍ਰੀ ਹਰਿਮੰਦਰ ਸਾਹਿਬ ਸਮੇਤ ਹੋਰ ਗੁਰਦੁਆਰਿਆਂ ਦਾ ਇਤਿਹਾਸ, ਸਿੱਖ ਇਤਿਹਾਸ ਬਾਰੇ ਸੰਖੇਪ ਜਾਣਕਾਰੀ ਦੇ ਨਾਲ-ਨਾਲ ਸ਼੍ਰੋਮਣੀ ਕਮੇਟੀ ਦੇ ਅਦਾਰਿਆਂ ਬਾਰੇ ਜਾਣਕਾਰੀ ਮਿਲ ਸਕੇਗੀ। ਸਮੇਂ ਸਮੇਂ ਇਸ ਵੈੱਬਸਾਈਟ ’ਤੇ ਸ਼੍ਰੋਮਣੀ ਕਮੇਟੀ ਦੇ ਸ਼ਾਨਾਮੱਤੇ ਸੌ ਸਾਲਾ ਇਤਿਹਾਸ ਨੂੰ ਪਾਇਆ ਜਾਵੇਗਾ।
ਬੀਬੀ ਜਗੀਰ ਕੌਰ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਜਿਥੇ ਪਹਿਲਾਂ ਹੀ ਸੰਗਤ ਲਈ ਸ੍ਰੀ ਦਰਬਾਰ ਸਾਹਿਬ ਵਿਖੇ ਸਰਾਂ ਅੰਦਰ ਕਮਰਾ ਬੁੱਕ ਕਰਵਾਉਣ ਲਈ ਆਨਲਾਈਨ ਸਹੂਲਤ ਚੱਲ ਰਹੀ ਹੈ, ਉਥੇ ਹੀ ਹੁਣ ਇਸ ਵੈੱਬਸਾਈਟ ’ਤੇ ਸ੍ਰੀ ਅਖੰਡਪਾਠ ਸਾਹਿਬ ਵੀ ਬੁੱਕ ਕਰਵਾਏ ਜਾ ਸਕਣਗੇ। ਇਸ ਤੋਂ ਇਲਾਵਾ ਰਾਗੀ ਜਥਿਆਂ ਦੀ ਸੇਵਾ ਪ੍ਰਾਪਤ ਕਰਨ ਲਈ ਵੀ ਸੰਗਤਾਂ ਆਨਲਾਈਨ ਵਿਧੀ ਦੀ ਵਰਤੋਂ ਕਰ ਸਕਣਗੀਆਂ। ਇਹ ਆਨਲਾਈਨ ਸਹੂਲਤਾਂ ਦੂਰ-ਦੁਰਾਡੇ ਬੈਠੀਆਂ ਸੰਗਤਾਂ ਲਈ ਇਕ ਕਲਿੱਕ ’ਤੇ ਉਪਲੱਬਧ ਹੋਣਗੀਆਂ, ਜਿਸ ਨਾਲ ਸੇਵਾ ਕਾਰਜਾਂ ਵਿਚ ਹੋਰ ਤੇਜ਼ੀ ਆਵੇਗੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਮੀਡੀਆ ਸਰਗਰਮੀਆਂ ਵੀ ਨਵੀਂ ਵੈੱਬਸਾਈਟ ਦਾ ਹਿੱਸਾ ਹੋਣਗੀਆਂ।