A hotel manager on duty jumped : ਰੋਪੜ ਵਿਚ ਇਕ ਹੋਟਲ ਮੈਨੇਜਰ ਵੱਲੋਂ ਬੀਤੇ ਦਿਨ ਹੋਟਲ ਦੀ ਲਗਭਗ 55 ਫੁੱਟ ਉਪਰ ਬਿਲਡਿੰਗ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਖਬਰ ਸਾਹਮਣੇ ਆਈ ਹੈ। ਇਸ ਬਾਰੇ ਹੋਟਲ ਦੇ ਮਾਲਿਕ ਦਾ ਕਹਿਣਾ ਹੈ ਕਿ ਮ੍ਰਿਤਕ ਮੈਨੇਜਰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ। ਖੁਦਕੁਸ਼ੀ ਦੇ ਕਾਰਨਾਂ ਦਾ ਅਜੇ ਕੁਝ ਪਤਾ ਨਹੀਂ ਲੱਗ ਸਕਿਆ, ਇਸ ਸਬੰਧੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਮਿਲੀ ਜਾਣਕਾਰੀ ਮੁਤਾਬਕ ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਜ਼ਿਲੇ ਦੇ ਪਿੰਡ ਸੰਦੋਹ ਦਾ ਰਹਿਣ ਵਾਲਾ 38 ਸਾਲਾ ਅਜੇ ਕੁਮਾਰ ਪੁੱਤਰ ਉਦੇ ਸਿੰਘ ਇਥੇ ਹੋਟਲ ਆਸ਼ੀਰਵਾਦ ਵਿਚ ਮੈਨੇਜਰ ਵਜੋਂ ਕੰਮ ਕਰਦਾ ਸੀ। ਕੋਰੋਨਾ ਕਾਰਨ ਲੱਗੇ ਲੌਕਡਾਊਨ ਕਾਰਨ ਉਹ ਘਰ ਚਲਾ ਗਿਆ ਸੀ ਅਤੇ ਮੰਗਲਵਾਰ ਨੂੰ ਹੀ ਦੁਬਾਰਾ ਡਿਊਟੀ ’ਤੇ ਪਹੁੰਚਿਆ ਸੀ। ਬੁੱਧਰਾਵਰ ਸਵੇਰੇ ਸਾਢੇ 10 ਵਜੇ ਉਸ ਨੇ ਹੋਟਲ ਦੀ 55 ਫੁੱਟ ਉੱਚੀ ਬਿਲਡਿੰਗ ਤੋਂ ਛਾਲ ਮਾਰ ਦਿੱਤੀ, ਜਿਸ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਸ ਸਬੰਧੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਸਿਟੀ ਐਸਐਚਓ ਹਰਕੀਰਤ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ ਗਿਆ ਹੈ ਅਤੇ ਉਸ ਦੇ ਭਰਾ ਦੇ ਬਿਆਨਾਂ ’ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਮ੍ਰਿਤਕ ਦੇ ਭਰਾ ਪਵਨ ਕੁਮਾਰ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਅਜੇ ਕੁਮਾਰ ਵਿਆਹਾ ਹੋਇਆ ਸੀ ਅਤੇ ਉਸ ਦੇ ਦੋ ਬੱਚੇ ਵੀ ਸਨ। ਉਹ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ ਅਤੇ ਡਿਪ੍ਰੈਸ਼ਨ ਦੀ ਦਵਾਈ ਵੀ ਖਾਂਦਾ ਸੀ। ਪਵਨ ਨੇ ਦੱਸਿਆ ਕਿ ਉਸ ਦੇ ਘਰੋਂ ਆਉਣ ਤੋਂ ਪਹਿਲਾਂ ਕੋਈ ਅਜਿਹੀ ਗੱਲ ਨਹੀਂ ਹੋਈ ਜੋ ਉਸ ਨੇ ਅਜਿਹਾ ਖੌਫਨਾਕ ਕਦਮ ਚੁੱਕਿਆ। ਉਹ ਮੰਗਲਵਾਰ ਨੂੰ ਹੀ ਡਿਊਟੀ ’ਤੇ ਪਹੁੰਚਿਆ ਸੀ ਤੇ ਬੁੱਧਵਾਰ ਨੂੰ ਉਸ ਨੇ ਇਹ ਕਾਰਾ ਕਰ ਲਿਆ।