AAP announces 320 : ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਨੇ ਆਉਣ ਵਾਲੀਆਂ ਨਗਰ ਨਿਗਮ ਕਮੇਟੀ ਅਤੇ ਨਗਰ ਪੰਚਾਇਤ ਚੋਣਾਂ ਲਈ ਆਪਣੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਇਸ ਦੇ ਤਹਿਤ ਪਾਰਟੀ ਨੇ ਵੀਰਵਾਰ ਨੂੰ ਕੁੱਲ 320 ਵਾਰਡਾਂ ਵਾਲੀ 35 ਸਥਾਨਕ ਸੰਸਥਾਵਾਂ ਦੇ ਉਮੀਦਵਾਰਾਂ ਦਾ ਐਲਾਨ ਕੀਤਾ। ਪਾਰਟੀ ਹੈੱਡਕੁਆਰਟਰ ਤੋਂ ਜਾਰੀ ਇੱਕ ਬਿਆਨ ਵਿੱਚ ‘ਆਪ’ ਦੇ ਸੂਬਾ ਇੰਚਾਰਜ ਅਤੇ ਦਿੱਲੀ ਤੋਂ ਵਿਧਾਇਕ ਜਰਨੈਲ ਸਿੰਘ ਅਤੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ‘ਆਪ’ ਜੋ ਆਪਣੇ ਚੋਣ ਨਿਸ਼ਾਨ ‘ਝਾੜੂ’ ’ਤੇ ਪੰਜਾਬ ਵਿੱਚ ਆਉਣ ਵਾਲੀਆਂ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਲੜ ਰਹੀ ਹੈ, ਸਾਰੀਆਂ ਸੀਟਾਂ ‘ਤੇ ਜਿੱਤੇਗੀ।
ਉਨ੍ਹਾਂ ਦੱਸਿਆ ਕਿ ਪਾਰਟੀ ਨੇ 35 ਸਥਾਨਕ ਸੰਸਥਾਵਾਂ ਵਿੱਚ 320 ਉਮੀਦਵਾਰਾਂ ਦਾ ਐਲਾਨ ਕੀਤਾ ਹੈ ਜਿਨ੍ਹਾਂ ਵਿੱਚ ਆਦਮਪੁਰ, ਭਿੱਖੀਵਿੰਡ, ਸਮਾਣਾ, ਮੁਕੇਰੀਆਂ, ਜ਼ੀਰਕਪੁਰ, ਡੇਰਾਬਸੀ, ਰਈਆ, ਬਠਿੰਡਾ, ਚਮਕੌਰ ਸਾਹਿਬ, ਕਪੂਰਥਲਾ, ਸ਼ਾਮ ਚੁਰਾਸੀ, ਹਰਿਆਣਾ, ਉੜਮੁੜ ਟਾਂਡਾ, ਹੁਸ਼ਿਆਰਪੁਰ, ਮਹਿਤਪੁਰ, ਕਰਤਾਰਪੁਰ , ਨਕੋਦਰ, ਨੂਰਮਹਿਲ, ਫਿਲੌਰ, ਅਲਾਵਲਪੁਰ, ਜਗਰਾਉਂ, ਲੋਹੀਆਂ ਖਾਸ, ਖਰੜ, ਜੰਡਿਆਲਾ ਗੁਰੂ, ਦੋਰਾਹਾ, ਅਮਰਗੜ੍ਹ, ਅਹਿਮਦਗੜ, ਨੰਗਲ, ਮੋਗਾ, ਕੋਟ ਈਸੇ ਖਾਂ, ਨਿਹਾਲ ਸਿੰਘ ਵਾਲਾ, ਸਮਰਾਲਾ, ਰਾਏਕੋਟ, ਰਾਮਦਾਸ ਅਤੇ ਮਜੀਠਾ ਸ਼ਾਮਲ ਹਨ। ‘ਆਪ’ ਨੇਤਾਵਾਂ ਨੇ ਕਿਹਾ ਕਿ ਲੋਕਾਂ ਲਈ ਇਸ ਵਾਰ ਸੁਨਹਿਰੀ ਮੌਕਾ ਸੀ ਕਿ ਉਹ ਆਪਣੇ ਕੌਂਸਲਰਾਂ ਨੂੰ ਲੋਕਾਂ ਵਿਚ ਚੁਣ ਕੇ ਸ਼ਹਿਰਾਂ ਵਿਚ ਤਬਦੀਲੀ ਲਿਆਉਣ, ਜੋ ਲੋਕਾਂ ਲਈ ਕੰਮ ਕਰਨਗੇ।
ਮਾਨ ਨੇ ਕਿਹਾ ਕਿ ਨਗਰ ਨਿਗਮਾਂ ਅਤੇ ਮਿਊਂਸਪਲ ਕਮੇਟੀਆਂ ਵਿਚ ਕਰੋੜਾਂ ਰੁਪਏ ਦੀ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਅਤੇ ਅਜਿਹੇ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਇਹ ਲਾਜ਼ਮੀ ਸੀ ਕਿ ਇਕ ਪੜ੍ਹੇ-ਲਿਖੇ ਅਤੇ ਕਾਬਲ ਵਿਅਕਤੀ ਨੂੰ ਲੋਕਾਂ ਦਾ ਪ੍ਰਤੀਨਿਧੀ ਚੁਣਿਆ ਜਾਵੇ। ਪਾਰਟੀ ਦੇ ਚੋਣ ਨਿਸ਼ਾਨ ‘ਝਾੜੂ’ ਨਾਲ ਰਾਜਨੀਤਿਕ ਗੰਦਗੀ ਅਤੇ ਸਵੱਛਤਾ ਪ੍ਰਣਾਲੀ ਵਿਚਲੀ ਗੰਦਗੀ ਨੂੰ ਸੜਕਾਂ ਤੋਂ ਸਾਫ ਕਰ ਦਿੱਤਾ ਜਾਵੇਗਾ।