AAP protests against government : ਅੰਮ੍ਰਿਤਸਰ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਯੂਥ ਵਿੰਗ ਨੇ ਸੂਬਾ ਸਰਕਾਰ ਵੱਲੋਂ ਮੈਡੀਕਲ ਕਾਲਜਾਂ/ ਯੂਨੀਵਰਸਿਟੀਆਂ ਦੀਆਂ ਫ਼ੀਸਾਂ ‘ਚ ਕੀਤੇ ਗਏ ਭਾਰੀ ਵਾਧੇ ਦਾ ਜ਼ੋਰਦਾਰ ਵਿਰੋਧ ਕਰਦਿਆਂ ਬੁੱਧਵਾਰ ਨੂੰ ਇੱਥੇ ਰਾਣੀ ਕਾ ਬਾਗ਼ ‘ਚ ਸਥਿਤ ਡਾਕਟਰੀ ਸਿੱਖਿਆ ਅਤੇ ਖੋਜ ਮੰਤਰੀ ਓ.ਪੀ. ਸੋਨੀ ਦੀ ਕੋਠੀ ਦਾ ਘਿਰਾਓ ਕੀਤਾ, ਹਾਲਾਂਕਿ ਮੰਤਰੀ ਓ.ਪੀ. ਸੋਨੀ ਸਵੇਰੇ ਹੀ ਘਰੋਂ ਨਿਕਲ ਗਏ ਸਨ। ਇਸ ਮੌਕੇ ਆਮ ਆਦਮੀ ਪਾਰਟੀ ਦੇ ਨੇਤਾ ਅਮਨ ਅਰੋੜਾ ਵੀ ਵਿਸ਼ੇਸ਼ ਤੌਰ ’ਤੇ ਪੁੱਜੇ। ਮੰਤਰੀ ਦੀ ਕੋਠੀ ਤੋਂ ਥੋੜ੍ਹੀ ਦੂਰੀ ‘ਤੇ ਬੈਰੀਕੇਡ ਲਗਾ ਕੇ ਪੁਲਿਸ ਵੱਲੋਂ ਰੋਕ ਲਿਆ ਗਿਆ, ਜਿੱਥੇ ਉਨ੍ਹਾਂ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਅਤੇ ਮੰਤਰੀ ਸੋਨੀ ਵਿਰੁੱਧ ਜਮ ਕੇ ਨਾਅਰੇਬਾਜ਼ੀ ਕੀਤੀ।
ਇਸ ਮੌਕੇ ’ਆਪ’ ਆਗੂਆਂ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਵੀ ਪ੍ਰਾਈਵੇਟ ਮੈਡੀਕਲ ਐਜੂਕੇਸ਼ਨ ਮਾਫ਼ੀਆ ਅੱਗੇ ਗੋਡੇ ਟੇਕ ਕੇ ਆਮ ਘਰਾਂ ਦੇ ਹੋਣਹਾਰ ਬੱਚਿਆਂ ਦੇ ਡਾਕਟਰ ਬਣਨ ਦੇ ਸੁਪਨੇ ਚੂਰ-ਚੂਰ ਕਰ ਦਿੱਤੇ ਹਨ ਕਿਉਂਕਿ ਦਲਿਤ-ਗ਼ਰੀਬ ਜਾਂ ਘੱਟ ਆਮਦਨੀ ਵਾਲੇ ਪਰਿਵਾਰਾਂ ਦੇ ਬੱਚੇ ਤਾਂ ਦੂਰ ਮੱਧ ਵਰਗੀ ਤਬਕੇ ਨਾਲ ਸੰਬੰਧਿਤ ਚੰਗੇ ਖਾਂਦੇ-ਪੀਂਦੇ ਘਰ ਵੀ ਐਨੀ ਮਹਿੰਗੀ ਫ਼ੀਸ ਅਦਾ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਜੇਕਰ ਦਿੱਲੀ ਦੀ ਕੇਜਰੀਵਾਲ ਸਰਕਾਰ ਆਪਣੇ ਮੈਡੀਕਲ ਕਾਲਜਾਂ ‘ਚ ਐਮ.ਬੀ.ਬੀ.ਐਸ ਦੀ 5 ਸਾਲਾਂ ਦੀ ਪੜਾਈ ਸਿਰਫ਼ 20-22 ਹਜ਼ਾਰ ਰੁਪਏ ‘ਚ ਕਰਵਾ ਸਕਦੀ ਹੈ ਤਾਂ ਪੰਜਾਬ ‘ਚ ਇਹੋ ਫ਼ੀਸ ਲੱਖਾਂ ਰੁਪਏ ‘ਚ ਕਿਉਂ ਵਸੂਲੀ ਜਾਂਦੀ ਹੈ।
ਇਸ ਮੌਕੇ ਅਮਨ ਅਰੋੜਾ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੀ ਆੜ ‘ਚ ਸਰਕਾਰ ਸ਼ਰਾਬ ਅਤੇ ਰੇਤ ਮਾਫ਼ੀਆ ਨੂੰ ਛੱਡ ਸਕਦੀ ਹੈ ਤਾਂ ਡਾਕਟਰ ਬਣਨ ਦੇ ਇੱਛੁਕ ਪੰਜਾਬ ਦੇ ਨੌਜਵਾਨ ਲੜਕੇ-ਲੜਕੀਆਂ ਨੂੰ ਰਿਆਇਤ ਕਿਉਂ ਨਹੀਂ ਦਿੱਤੀ ਜਾ ਸਕਦੀ? ਅਮਨ ਅਰੋੜਾ ਨੇ ਕਿਹਾ ਕਿ ਡਾਕਟਰੀ ਪੜਾਈ ਲਈ ਫ਼ੀਸਾਂ ‘ਚ ਬੇਤਹਾਸ਼ਾ ਵਾਧੇ ਨੇ ਕੋਰੋਨਾ ਵਾਇਰਸ ਦੌਰਾਨ ਕਾਂਗਰਸ ਦੇ ਡਾਕਟਰਾਂ ਪ੍ਰਤੀ ਹਮਦਰਦੀ ਭਰੇ ਦਿਖਾਵੇ ਦੀ ਫ਼ੂਕ ਕੱਢ ਦਿੱਤੀ। ਉਨ੍ਹਾਂ ਕਿਹਾ ਕਿ ਅੱਜ ਜਦੋਂ ਪੂਰੀ ਦੁਨੀਆ ’ਤੇ ਕੋਰੋਨਾ ਦਾ ਭਾਰੀ ਸੰਕਟ ਹੈ ਤਾਂ ਉਸ ਸਮੇਂ ਸਰਕਾਰ ਵੱਲੋਂ ਵਿਦਿਆਰਥੀਆਂ ਦੀਆਂ ਫੀਸਾਂ ਨੂੰ ਦੁੱਗਣਾ ਕੀਤਾ ਗਿਆ ਹੈ, ਜਿਸ ਤੋਂ ਕੈਪਟਨ ਸਰਕਾਰ ਦੀ ਮਾੜੀ ਸੋਚ ਦਾ ਪਤਾ ਲੱਗਦਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਤੱਕ ਸਰਕਾਰ ਵੱਲੋਂ ਫੀਸਾਂ ਘੱਟ ਨਹੀਂ ਕੀਤੀਆਂ ਜਾਂਦੀਆਂ ਉਦੋਂ ਤੱਕ ਸਰਕਾਰ ਖਿਲਾਫ ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰਹੇਗਾ। ਇਸ ਮੌਕੇ ਬਾਕੀ ਆਗੂਆਂ ਨੇ ਵੀ ਐਲਾਨ ਕੀਤਾ ਕਿ ਜਦ ਤੱਕ ਸਰਕਾਰ ਫ਼ੀਸਾਂ ‘ਚ ਅੰਨ੍ਹੇ ਵਾਧੇ ਵਾਲੇ ਲੋਕ ਵਿਰੋਧੀ ਫ਼ੈਸਲੇ ਨੂੰ ਵਾਪਸ ਨਹੀਂ ਲਵੇਗੀ ਉਦੋਂ ਤੱਕ ਪੰਜਾਬ ਭਰ ‘ਚ ਸਰਕਾਰ ਨੂੰ ‘ਆਪ’ ਯੂਥ ਵਿੰਗ ਦਾ ਵਿਰੋਧ ਸਹਿਣਾ ਪਵੇਗਾ।