AAP to besiege : ਚੰਡੀਗੜ੍ਹ : ਪੰਜਾਬ ਸਰਕਾਰ ਦੇ ਢਿੱਲੇ ਪ੍ਰਬੰਧਾਂ ਅਤੇ ਬਾਰਦਾਨੇ ਦੀ ਕਮੀ ਕਾਰਨ ਪੰਜਾਬ ਦੀਆਂ ਮੰਡੀਆਂ ‘ਚ ਰੁਲ ਰਹੇ ਕਿਸਾਨਾਂ ਦੀ ਫਸਲ ਲਈ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਸਰਕਾਰ ਪਾਸੋਂ ਇਸ ਸਬੰਧ ਵਿੱਚ ਜਲਦ ਸਖਤ ਕਦਮ ਚੁੱਕੇ ਜਾਣ ਦੀ ਮੰਗ ਕੀਤੀ। ਇਸ ਸੰਬੰਧ ਵਿਚ ਉਨ੍ਹਾਂ ਨੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਇਕ ਪੱਤਰ ਲਿਖ ਕੇ ਕਿਸਾਨਾਂ ਦੀਆਂ ਮੁਸ਼ਕਲਾਂ ਵੱਲ ਧਿਆਨ ਦੇਣ ਦੀ ਵੀ ਮੰਗ ਕੀਤੀ। ਪੰਜਾਬ ਸਰਕਾਰ ਦੇ ਢਿੱਲੇ ਪ੍ਰਬੰਧਾਂ ਕਾਰਨ ਕਿਸਾਨਾਂ ਨੂੰ ਅਨੇਕਾਂ ਮੁਸ਼ਕਲਾਂ ਦਰਪੇਸ਼ ਆ ਰਹੀਆਂ ਹਨ ਅਤੇ ਬਾਰਦਾਨੇ ਦੀ ਕਮੀ ਕਾਰਨ ਪੰਜਾਬ ਦੇ ਕਿਸਾਨਾਂ ਦੀ ਫਸਲ ਦੀ ਖਰੀਦ ਅਤੇ ਚੁਕਾਈ ‘ਚ ਲੰਬੇ ਸਮੇਂ ਤੋਂ ਭਾਰੀ ਪ੍ਰੇਸ਼ਾਨੀ ਆ ਰਹੀ ਹੈ। ਇਸ ਤੋਂ ਬਿਨਾਂ ਮੌਸਮ ਖਰਾਬ ਹੋਣ ਅਤੇ ਸਮੁੱਚੇ ਪੰਜਾਬ ‘ਚ ਬਾਰਿਸ਼ ਆਉਣ ਕਾਰਨ ਕਿਸਾਨਾਂ ਦੀ ਫਸਲ ਮੰਡੀਆਂ ‘ਚ ਰੁਲ ਰਹੀ ਹੈ ਜੋ ਕਿ ਅਤਿ ਮੰਦਭਾਗਾ ਅਤੇ ਚਿੰਤਾਜਨਕ ਹੈ। ਪੰਜਾਬ ਦੇ ਕਿਸਾਨ ਆਪਣੀ ਫਸਲ ਨੂੰ ਲੈ ਕੇ ਕਈ ਕਈ ਦਿਨਾਂ ਤੋਂ ਮੰਡੀਆਂ ‘ਚ ਖੱਜਲ ਖੁਆਰ ਹੋ ਰਹੇ ਹਨ। ਅੰਕੜਿਆਂ ਅਨੁਸਾਰ ਖਰਾਬ ਮੌਸਮ ਕਾਰਨ ਸੂਬੇ ਵਿਚ ਹੋਈ ਬਾਰਿਸ਼ ਕਾਰਨ ਲਗਪਗ 10 ਲੱਖ ਟਨ ਕਣਕ ਭਿੱਜ ਗਈ ਹੈ ਅਤੇ ਕਿਸਾਨਾਂ ਨੂੰ ਉਸ ਨੂੰ ਵੇਚਣ ਲਈ ਪਹਿਲਾਂ ਤੋਂ ਵੀ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸੰਧਵਾਂ ਨੇ ਕਿਹਾ ਕਿ ਪੰਜਾਬ ਦਾ ਕਿਸਾਨ ਪਹਿਲਾਂ ਤੋਂ ਹੀ ਤਿੰਨ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਸੰਘਰਸ਼ ਕਰ ਰਿਹਾ ਹੈ ਅਤੇ ਬੇਹੱਦ ਗੰਭੀਰ ਮਾਨਸਿਕ ਤਣਾਅ ਵਿਚੋਂ ਗੁਜ਼ਰ ਰਿਹਾ ਹੈ ਅਤੇ ਅਜਿਹੇ ਸਮੇਂ ਵਿਚ ਸਰਕਾਰ ਵੱਲੋਂ ਕਿਸਾਨਾਂ ਪ੍ਰਤੀ ਅਪਣਾਇਆ ਇਹ ਵਰਤਾਰਾ ਨਿੰਦਾ ਯੋਗ ਹੈ। ਪੰਜਾਬ ਸਰਕਾਰ ਵੱਲੋਂ ਕਣਕ ਦੀ ਖਰੀਦ ਸਬੰਧੀ ਪਹਿਲਾਂ ਤੋਂ ਉਚੇਚੇ ਪ੍ਰਬੰਧ ਨਾ ਕਰਨ ਕਾਰਨ ਦਰਪੇਸ਼ ਆ ਰਹੀਆਂ ਮੁਸ਼ਕਲਾਂ ਲਈ ਕੈਪਟਨ ਸਰਕਾਰ ਜ਼ਿੰਮੇਵਾਰ ਹੈ। ਉਨ੍ਹਾਂ ਇਸ ਸਬੰਧੀ ਕਾਰਵਾਈ ਕਰ ਕੇ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਦੇਣ ਦੀ ਮੰਗ ਕੀਤੀ ਤਾਂ ਜੋ ਕਿਸਾਨ ਮੰਡੀਆਂ ਵਿੱਚ ਰੁਲਣ ਤੋਂ ਬਚ ਸਕੇ ਅਤੇ ਉਨ੍ਹਾਂ ਦੀ ਕਣਕ ਦੀ ਫਸਲ ਸੁਚੱਜੇ ਢੰਗ ਨਾਲ ਖਰੀਦੀ ਜਾ ਸਕੇ।
ਸੰਧਵਾਂ ਨੇ ਮੰਗ ਕੀਤੀ ਕਿ ਸਰਕਾਰ ਦੇ ਮਾੜੇ ਪ੍ਰਬੰਧਾਂ ਕਾਰਨ ਮੰਡੀਆਂ ਵਿਚ ਬਾਰਿਸ਼ ਨਾਲ ਭਿੱਜੀ ਕਣਕ ਦੀ ਤੁਰੰਤ ਖਰੀਦ ਕੀਤੀ ਜਾਵੇ ਅਤੇ ਉਨ੍ਹਾਂ ਦੀ ਨਮੀ ਦੀ ਮਾਤਰਾ ‘ਚ ਢਿੱਲ ਦਿੱਤੀ ਜਾਵੇ ਕਿਉਂਕਿ ਇਹ ਪੰਜਾਬ ਸਰਕਾਰ ਦੀ ਨਲਾਇਕੀ ਕਾਰਨ ਭਿੱਜੀ ਹੈ। ਜੇਕਰ ਹੁਣ ਵੀ ਸਰਕਾਰ ਨੇ ਕਿਸਾਨਾਂ ਦੀਆਂ ਇਨ੍ਹਾਂ ਮੁਸ਼ਕਿਲਾਂ ਵੱਲ ਧਿਆਨ ਨਾ ਦੇ ਕੇ ਬਾਰਦਾਨੇ ਦੀ ਕਮੀ ਨੂੰ ਪੂਰਾ ਨਾ ਕਰਦਿਆਂ ਕਣਕ ਦੀ ਖਰੀਦ ਵਿੱਚ ਤੇਜ਼ੀ ਨਾ ਲਿਆਂਦੀ ਤਾਂ ਆਮ ਆਦਮੀ ਪਾਰਟੀ ਇਸ ਸੰਬੰਧੀ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਘਰ ਘੇਰੇਗੀ। ਕਣਕ ਖਰੀਦ ਦੇ ਮਾੜੇ ਪ੍ਰਬੰਧਾਂ ਲਈ ਸਿੱਧੇ ਤੌਰ ‘ਤੇ ਪੰਜਾਬ ਸਰਕਾਰ ਜ਼ਿੰਮੇਵਾਰ ਹੈ ਅਤੇ ਆਪ ਜੀ ਨੂੰ ਇਸ ਸਬੰਧੀ ਕਰੜੇ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਆਪ ਦੇ ਆਗੂ ਮੰਡੀਆਂ ਵਿੱਚ ਜਾ ਕੇ ਸਰਕਾਰ ਦੇ ਪ੍ਰਬੰਧਾਂ ਦੀ ਘੋਖ ਪੜਤਾਲ ਕਰ ਰਹੇ ਹਨ ਅਤੇ ਕਿਸਾਨ ਅਸੰਤੁਸ਼ਟ ਹੋਣ ਦੀ ਸੂਰਤ ਵਿੱਚ ਸਖ਼ਤ ਕਦਮ ਚੁੱਕਣ ਅਤੇ ਸਰਕਾਰ ਨੂੰ ਘੇਰਨ ਤੋਂ ਵੀ ਗੁਰੇਜ਼ ਨਹੀਂ ਕਰਨਗੇ।