Akali Dal demands action : ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਖਿਲਾਫ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਵੱਲੋਂ ਭੱਦੀ ਸ਼ਬਦਾਵਲੀ ਵਰਤਣ ਦੇ ਮਾਮਲੇ ‘ਚ ਅਕਾਲੀ ਦਲ ਦੇ ਮੁੱਖ ਬੁਲਾਰੇ ਅਮਰਦੀਪ ਸਿੰਘ ਧਾਰਨੀ ਦੀ ਅਗਵਾਈ ਵਿੱਚ ਇੱਕ ਵਫ਼ਦ ਐਸਪੀਡੀ ਜਗਜੀਤ ਸਿੰਘ ਜੱਲ੍ਹਾ ਨੂੰ ਮਿਲਿਆ ਜਿਸ ਵਿੱਚ ਉਨ੍ਹਾਂ ਨੇ ਭਾਜਪਾ ਦੇ ਨੇਤਾ ਹਰਜੀਤ ਸਿੰਘ ਗਰੇਵਾਲ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਦੇ ਜਥੇਦਾਰ ਗਿਆਨੀ ਭਾਈ ਹਰਪ੍ਰੀਤ ਸਿੰਘ ਖ਼ਿਲਾਫ਼ ਭੱਦੀ ਸ਼ਬਦਾਵਲੀ ਬੋਲਣ ’ਤੇ ਕਾਨੂੰਨੀ ਕਾਰਵਾਈ ਮੰਗ ਕੀਤੀ ਅਤੇ ਇਸ ਸੰਬੰਧੀ ਐੱਸਪੀਡੀ ਨੂੰ ਸ਼ਿਕਾਇਤ ਵੀ ਦਿੱਤੀ ਗਈ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਮੁੱਖ ਬੁਲਾਰੇ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਦੀ ਅਗਵਾਈ ਹੇਠ ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਸਰਬਜੀਤ ਸਿੰਘ ਵੱਲੋਂ ਅਕਾਲੀ ਆਗੂਆਂ ਨੂੰ ਨਾਲ ਲੈ ਕੇ ਇਕ ਸ਼ਿਕਾਇਤ ਐੱਸਐੱਸਪੀ ਫਤਿਹਗੜ੍ਹ ਸਾਹਿਬ ਦੇ ਨਾਮ ਐੱਸਪੀਡੀ ਜਗਜੀਤ ਸਿੰਘ ਜੱਲਾ ਨੂੰ ਦਿੱਤੀ । ਇਸ ਸ਼ਿਕਾਇਤ ਵਿੱਚ ਸਮੂਹ ਅਕਾਲੀ ਆਗੂਆਂ ਨੇ ਹਰਜੀਤ ਸਿੰਘ ਗਰੇਵਾਲ ਜੋ ਕਿ ਭਾਜਪਾ ਦਾ ਮੁੱਖ ਬੁਲਾਰਾ ਹੈ ਜਿਸ ਵੱਲੋਂ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਖਿਲਾਫ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।
ਐਡਵੋਕੇਟ ਅਮਰਦੀਪ ਸਿੰਘ ਧਾਰਨੀ ਅਤੇ ਸਰਬਜੀਤ ਸਿੰਘ ਝਿੰਜਰ ਨੇ ਦੱਸਿਆ ਕਿ ਸਿੰਘ ਸਾਹਿਬ ਵੱਲੋਂ ਦਿੱਤੇ ਸੰਦੇਸ਼ ਦੇ ਸੰਬੰਧ ਵਿਚ ਹਰਜੀਤ ਸਿੰਘ ਗਰੇਵਾਲ ਨੇ ਇੱਕ ਨਿਊਜ਼ ਚੈਨਲ ’ਤੇ ਬਿਆਨ ਦਿੱਤੇ ਉਹ ਬਹੁਤ ਹੀ ਭੱਦੇ ਸ਼ਬਦਾਂ ਦੀ ਵਰਤੋਂ ਕੀਤੀ, ਜਿਸ ਵਿਚ ਉਸ ਨੇ ਜੱਥੇਦਾਰ ਸਾਹਿਬ ਨੂੰ ਮਾਨਸਿਕ ਤੌਰ ’ਤੇ ਬੀਮਾਰ ਦੱਸਿਆ ਅਤੇ ਇਹ ਵੀ ਕਿਹਾ ਕਿ ਸਾਨੂੰ ਜੱਥੇਦਾਰ ਦੇ ਸਰਟੀਫਿਕੇਟ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਬੀਜੇਪੀ ਆਗੂ ਗਰੇਵਾਲ ਦਾ ਜਥੇਦਾਰ ’ਤੇ ਇਕ ਵੱਡਾ ਹਮਲਾ ਹੈ ਜਿਸ ਨੂੰ ਸਿੱਖ ਕੌਮ ਕਦੇ ਬਰਦਾਸ਼ਤ ਨਹੀਂ ਕਰੇਗੀ ਜਿਸ ਦਾ ਹਰਜਾਨਾ ਬੀਜੇਪੀ ਪ੍ਰਧਾਨ ਜਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭੁਗਤਣਾ ਪਵੇਗਾ । ਇਸ ਸਬੰਧੀ ਐਸਪੀਡੀ ਜਗਜੀਤ ਸਿੰਘ ਜੱਲ੍ਹਾ ਨੇ ਕਿਹਾ ਕਿ ਅਕਾਲੀ ਦਲ ਦੀ ਇਸ ਸ਼ਿਕਾਇਤ ਨੂੰ ਦੇਖਦੇ ਹੋਏ ਇਨਕੁਆਰੀ ਕੀਤੀ ਜਾਵੇਗੀ ਅਤੇ ਦੋਸ਼ੀ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਜਥੇਦਾਰ ਸ੍ਰੀ ਅਕਾਲ ਤਖ਼ਤ ਵੱਲੋਂ EVM ‘ਤੇ ਦਿੱਤੇ ਗਏ ਬਿਆਨ ਨੂੰ ਬੀਜੇਪੀ ਦੇ ਸੀਨੀਅਰ ਸਿੱਖ ਆਗੂ ਹਰਜੀਤ ਸਿੰਘ ਗਰੇਵਾਲ ਨੇ ਇੱਕ ਇੰਟਰਵਿਊ ਵਿੱਚ ਸ਼ਰਮਨਾਕ ਦੱਸਿਆ ਸੀ,ਉਨ੍ਹਾਂ ਨੇ ਕਿਹਾ ਸੀ ‘ਜਥੇਦਾਰ ਨੂੰ ਅਜਿਹੀ ਬਿਆਨਬਾਜ਼ੀ ਸ਼ੋਭਾ ਨਹੀਂ ਦਿੰਦੀ ਹੈ,ਗਰੇਵਾਲ ਨੇ ਦਾਅਵਾ ਕੀਤਾ ਕਿ ਮੋਦੀ ਸਰਕਾਰ ਕੋਈ ਗ਼ਲਤ ਕੰਮ ਨਹੀਂ ਕਰ ਰਹੀ ਹੈ।