Akali Dal will not shy away from: ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਅੱਜ ਐਲਾਨ ਕੀਤਾ ਕਿ ਉਨ੍ਹਾਂ ਦੀ ਪਾਰਟੀ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਅਤੇ ਯਕੀਨੀ ਖਰੀਦ ਦੇ ਮਸਲੇ ਸਮੇਤ ਕਿਸਾਨ ਹਿਤਾਂ ਉੱਤੇ ਕਦੇ ਕੋਈ ਸਮਝੌਤਾ ਨਹੀਂ ਕਰ ਸਕਦੀ ਅਤੇ ਪਾਰਟੀ ਨੇ ਇਨ੍ਹਾਂ ਹਿੱਤਾਂ ਦੀ ਰਾਖੀ ਲਈ ਵੱਡੀ ਤੋਂ ਵੱਡੀ ਕੁਰਬਾਨੀ ਦੇਣ ਲਈ ਕਮਰ ਕੱਸੇ ਕੀਤੇ ਹੋਏ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਯਤਨਾਂ ਸਦਕਾ ਕਿਸਾਨੀ ਵਸਤਾਂ ਦੀ ਖਰੀਦੋ ਫਰੋਖਤ ਸਬੰਧੀ ਨਵੇਂ ਐਕਟ ਵਿਚ ਭੀ ਫਸਲਾਂ ਲਈ ਘੱਟੋਂ ਘੱਟ ਸਮਰਥਨ ਮੁੱਲ ਅਤੇ ਖਰੀਦ ਨੂੰ ਯਕੀਨੀ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ ਕਹਿਣ ਤੇ ਹੀ ਪ੍ਰਧਾਨ ਮੰਤਰੀ ਨੇ ਕੇਂਦਰੀ ਖੇਤੀ ਬੜੀ ਮੰਤਰੀ ਰਾਹੀਂ ਕਿਸਾਨਾਂ ਨੂੰ ਜਨਤਕ ਤੌਰ ਤੇ ਸਪਸ਼ਟ ਕੀਤਾ ਗਿਆ ਹੈ ਕਿ ਘੱਟੋ ਸਮਰਥਨ ਮੁੱਲ ਅਤੇ ਫਸਲਾਂ ਦੀ ਯਕੀਨੀ ਖਰੀਦਾਰੀ ਦਾ ਮੌਜੂਦਾ ਪ੍ਰਬੰਧ ਜਾਰੀ ਰਹੇਗਾ ਅਤੇ ਇਸ ਵਿਚ ਕੋਈ ਤਬਦੀਲੀ ਨਹੀਂ ਆਏਗੀ । “ਫਿਰ ਵੀ, ਜੇ ਭਵਿੱਖ ਵਿਚ ਵੀ ਕਦੇ ਕਿਸਾਨੀ ਉਪਜ ਦੇ ਸਮਰਥਨ ਮੁੱਲ ਅਤੇ ਲਾਜ਼ਮੀ ਖਰੀਦ ਨੂੰ ਕੋਈ ਖਤਰਾ ਖੜਾ ਕੀਤਾ ਗਿਆ ਤਾਂ ਅਕਾਲੀ ਦਲ ਮੂਕ ਦਰਸ਼ਕ ਬਣ ਕੇ ਨਹੀਂ ਬੈਠੇਗਾ। ਅਸੀਂ ਵੱਡੀ ਤੋਂ ਵੱਡੀ ਕੁਰਬਾਨੀ ਦੇ ਕੇ ਵੀ ਇਸ ਪ੍ਰਬੰਧ ਨੂੰ ਜਾਰੀ ਰਖਵਾਉਣ ਲਈ ਵਚਨਬੱਧ ਹਾਂ ”
ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਵੇਂ ਐਕਟ ਦੇ ਵਿਰੋਧ ਕਰਨ ਬਾਰੇ ਚਿੱਟੇ ਦਿਨ ਝੂਠ ਬੋਲ ਰਹੇ ਹਨ ਕਿਉਂਕਿ ਉਨ੍ਹਾਂ ਦੀ ਸਰਕਾਰ ਵੱਲੋਂ ਇਸ ਐਕਟ ਦੇ ਪ੍ਰਬੰਧ ਨੂੰ ਪਹਿਲੋਂ ਹੀ ਅਗਸਤ 2017 ਵਿਚ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ ਮੁਖ ਮੰਤਰੀ ਹੁਣ ਝੂਠ ਬੋਲ ਕੇ ਕਿਸਾਨਾਂ ਨੂੰ ਗੁਮਰਾਹ ਕਰ ਰਹੇ ਹਨ। “ਮੁਖ ਮੰਤਰੀ ਅਤੇ ਉਹਨਾਂ ਦੀ ਕਾਂਗਰਸ ਪਾਰਟੀ ਦੀ ਕਿਸਾਨਾਂ ਨੂੰ ਸਿਰਫ ਇੱਕ ਹੀ ਦੇਣ ਹੈ , ਅਤੇ ਉਹ ਇਹ ਹੈ ਕਿ ਮੁਖ ਮੰਤਰੀ ਖੁਦ ਪਾਵਨ ਗੁਟਕਾ ਸਾਹਿਬ ਦੀ ਸੋਂਹ ਖਾਕੇ ਕਿਸਾਨਾਂ ਨਾਲ ਕੀਤੇ ਆਪਣੇ ਵਾਅਦੇ ਤੋਂ ਮੁਕਰ ਚੁੱਕੇ ਹਨ .. ਕੈਪਟਨ ਸਾਹਿਬ ਨੂੰ 2022 ਤੋਂ ਬਾਅਦ ਸਿਰਫ ਇਸ ਗੱਲ ਲਈ ਯਾਦ ਕੀਤਾ ਜਾਏਗਾ ਕਿ ਆਪਣੇ ਪਿਛਲੇ ਰਾਜ ਕਾਲ ਦੌਰਾਨ ਉਹਨਾਂ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਕਿਸਾਨਾਂ ਨੂੰ ਦਿੱਤੀ ਮੁਫ਼ਤ ਬਿਜਲੀ ਦੀ ਸਹੂਲਤ ਬੰਦ ਕਰ ਦਿੱਤੀ ਸੀ ਜਿਸ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਵੱਡਾ ਸੰਘਰਸ਼ ਕਰ ਕੇ ਮੁਸ਼ਕਿਲ ਨਾਲ ਦੁਬਾਰਾ ਸ਼ੁਰੂ ਕਰਵਾਇਆ ਸੀ। “
ਬਾਦਲ ਨੇ ਕਿਹਾ ਹਾਲਾਂਕਿ ਉਨ੍ਹਾਂ ਦੇ ਪਾਰਟੀ ਨੇ ਕਿਸਾਨੀ ਦੀ ਫਸਲ ਦੀ ਘੱਟੋ ਘੱਟ ਮੁੱਲ ਉੱਤੇ ਖਰੀਦ ਦੇ ਪ੍ਰਬੰਧ ਉੱਤੇ ਧੜੱਲੇ ਨਾਲ ਪਹਿਰਾ ਦੇ ਕੇ ਇਸ ਨੂੰ ਜਾਰੀ ਰਖਵਾਇਆ ਹੈ , ਫਿਰ ਵੀ ਭਵਿੱਖ ਵਿਚ ਜੇ ਕਦੇ ਵੀ ਕਿਸਾਨ ਦੀ ਫਸਲ ਦੀ ਖਰੀਦਾਰੀ ਉੱਤੇ ਕੇਂਦਰ ਸਰਕਾਰ ਵੱਲੋਂ ਕੋਈ ਪ੍ਰਸ਼ਨ ਚਿੰਨ ਲਾਇਆ ਗਿਆ ਜਾਂ ਇਹ ਖਰੀਦ ਅਤੇ ਘੱਟੋ ਘੱਟ ਸਮਰਥਨ ਮੁੱਲ ਦੀ ਪ੍ਰਣਾਲੀ ਨੂੰ ਬੰਦ ਕਰਨ ਸਬੰਧੀ ਕੋਈ ਭੀ ਫੈਸਲਾ ਲੈਣ ਦੀ ਗੱਲ ਹੋਈ , ਤਾਂ ਸ਼੍ਰੋਮਣੀ ਅਕਾਲੀ ਦਲ ਮੂਕ ਦਰਸ਼ਕ ਬਣ ਕੇ ਨਹੀਂ ਬੈਠੇਗਾ , ਬਲਕਿ ਕਿਸਾਨਾਂ ਹਿੱਤਾਂ ਲਈ ਸਭ ਤੋਂ ਅੱਗੇ ਵੱਧ ਕੇ ਲੜੇਗਾ ਤੇ ਇਸ ਲਈ ਵੱਡੀ ਤੋਂ ਵੱਡੀ ਕੁਰਬਾਨੀ ਦੇਣ ਤੋਂ ਪਿਛੇ ਨਹੀਂ ਹਟੇਗਾ। ਬਾਦਲ ਨੇ ਕਿਹਾ ਕਿ ਪੰਥ , ਪੰਜਾਬ , ਕਿਸਾਨ ਤੇ ਸੰਘੀ ਢਾਂਚਾ ਅਕਾਲੀ ਦਲ ਦੇ ਚਾਰ ਥੰਮ ਹਨ ਅਤੇ ਇਹਨਾਂ ਵਿਚੋਂ ਕਿਸੇ ਇੱਕ ਥੰਮ ਨੂੰ ਭੀ ਕਦੇ ਕਮਜ਼ੋਰ ਨਹੀਂ ਹੋਣ ਦਿੱਤਾ ਜਾਏਗਾ ..”ਇਹ ਉਹ ਥੰਮ ਹਨ ਜੋ ਸਾਡੇ ਪੁਰਖਾਂ ਨੇ ਮਹਾਨ ਕੁਰਬਾਨੀਆਂ ਦੇ ਖੜੇ ਕੀਤੇ ਹਨ , ਇਹਨਾਂ ਦੀ ਰਾਖੀ ਸਾਡੀ ਪਵਿੱਤਰ ਜਿੰਮੇਵਾਰੀ ਹੈ। “