Along with political : ਮੁਕਤਸਰ : ਸੂਬੇ ਭਰ ‘ਚ ਤਿੰਨ ਖੇਤੀ ਬਿੱਲਾਂ ਦਾ ਵਿਰੋਧ ਦੇਖਣ ਨੂੰ ਮਿਲ ਰਿਹਾ ਹੈ। ਵੱਖ-ਵੱਖ ਸਿਆਸੀ ਪਾਰਟੀ ਵਲੋਂ ਵੱਡੇ ਪੱਧਰ ‘ਤੇ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ ਤੇ ਸੜਕੀ ਆਵਾਜਾਈ ਪੂਰੀ ਤਰ੍ਹਾਂ ਬੰਦ ਹੈ। SAD ਵੱਲੋਂ ਵੀ ਸੜਕਾਂ ‘ਤੇ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਸ. ਸੁਖਬੀਰ ਸਿੰਘ ਬਾਦਲ ਤੇ ਸਾਬਕਾ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਟਰੈਕਟਰ ’ਤੇ ਸਵਾਰ ਹੋ ਕੇ ਰੋਸ ਰੈਲੀ ਕੱਢ ਰਹੇ ਹਨ। ਉਨ੍ਹਾਂ ਇਹ ਰੋਸ ਰੈਲੀ ਪਿੰਡ ਬਾਦਲ ਤੋਂ ਕੱਢੀ। ਵੱਡੀ ਗਿਣਤੀ ‘ਚ ਸਮਰਥਕ ਟਰੈਕਟਰਾਂ ’ਤੇ ਸਵਾਰ ਹੋ ਕੇ ਵੱਡੇ ਕਾਫਲੇ ਦੇ ਰੂਪ ਵਿਚ ਉਨ੍ਹਾਂ ਨਾਲ ਹਨ।
ਕਿਸਾਨਾਂ ਵੱਲੋਂ ਜਗ੍ਹਾ-ਜਗ੍ਹਾ ‘ਤੇ ਟੈਂਟ ਲਗਾ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕਿਸਾਨਾਂ ਨੇ ਰੇਲ ਟਰੈਕਾਂ ‘ਤੇ ਤਾਂ ਵੀਰਵਾਰ ਤੋਂ ਹੀ ਧਰਨੇ ਦੇਣੇ ਸ਼ੁਰੂ ਕਰ ਦਿੱਤੇ ਸਨ ਤੇ ਅੱਜ ਵੀ ਰੋਸ ਪ੍ਰਦਰਸ਼ਨ ਜਾਰੀ ਹੈ। ਸਿਆਸੀ ਆਗੂਆਂ ਤੋਂ ਇਲਾਵਾ ਪੰਜਾਬੀ ਕਲਾਕਾਰਾਂ ਵੱਲੋਂ ਵੀ ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ‘ਚ ਹਿੱਸਾ ਲਿਆ ਜਾ ਰਿਹਾ ਹੈ। ਹਰਭਜਨ ਮਾਨ,ਤਰਸੇਮ ਜੱਸੜ, ਕੁਲਵਿੰਦਰ ਬਿੱਲਾ, ਰਣਜੀਤ ਬਾਵਾ, ਸਮੇਤ ਹੋਰ ਗਾਇਕ ਨਾਭਾ ਵਿਖੇ ਕਿਸਾਨਾਂ ਦੇ ਧਰਨੇ ਵਿੱਚ ਪੁੱਜੇ। ਇਸੇ ਤਰ੍ਹਾਂ ਸਿੱਧੂ ਮੂਸੇਵਾਲਾ, ਮੱਟ ਸ਼ੇਰੋਵਾਲਾ, ਕੋਰਵਾਲਾ ਮਾਨ ਵੀ ਧਰਨੇ ਦੌਰਾਨ ਪੁੱਜੇ।
ਕਿਸਾਨਾਂ ਦੇ 31 ਸੰਗਠਨਾਂ ਵੱਲੋਂ ਅੱਜ ਧਰਨੇ ਦਿੱਤੇ ਜਾ ਰਹੇ ਹਨ। ਆੜ੍ਹਤੀ ਐਸੋਸੀਏਸ਼ਨ ਅਤੇ ਦੋਧੀ ਐਸੋਸੀਏਸ਼ਨ ਵੀ ਇਨ੍ਹਾਂ ਧਰਨਿਆਂ ‘ਚ ਸ਼ਾਮਲ ਹੋ ਰਹੇ ਹਨ। ਦੋਧੀਆਂ ਵੱਲੋਂ ਰੋਸ ਵਜੋਂ ਅੱਜ ਦੁੱਧ ਦੀ ਸਪਲਾਈ ਵੀ ਨਹੀਂ ਕੀਤੀ ਗਈ। ਮੋਗਾ, ਨਿਹਾਲ ਸਿੰਘ ਵਾਲਾ, ਧਰਮਕੋਟ, ਬਾਘਾਪੁਰਾਣਾ, ਬੱਧਨੀ ਕਲਾਂ ਅਤੇ ਕੋਟ ਈਸੇ ਖਾਂ ਮੁਕੰਮਲ ਬੰਦ ਦੇਖਿਆ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਮੋਦੀ ਸਰਕਾਰ ਮੁਰਦਾਬਾਦ ਕੇਂਦਰ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾ ਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਰੋਸ ਪ੍ਰਦਰਸ਼ਨ ਵਿੱਚ ਵੱਡੀ ਗਿਣਤੀ ਵਿੱਚ ਅਕਾਲੀ ਆਗੂ ਤੇ ਵਰਕਰ ਹਾਜ਼ਰ ਸਨ।