ਡੇਲੀ ਪੋਸਟ ਪੰਜਾਬੀ ਅਤੇ ਫਾਸਟਵੇ ਨਿਊ਼ਜ਼ ਵੱਲੋ ਮਾਨਸਾ ਜ਼ਿਲ੍ਹੇ ਦੇ ਪਿੰਡ ਗੁਰਨੇ ਦੀ ਕੌਮਾਂਤਰੀ ਖਿਡਾਰਨ ਹਰਦੀਪ ਕੌਰ ਨੂੰ ਪੰਜਾਬ ਸਰਕਾਰ ਵੱਲੋ ਸਰਕਾਰੀ ਨੌਕਰੀ ਨਾ ਦੇਣ ਦਾ ਮੁੱਦਾ ਪੂਰੀ ਗੰਭੀਰਤਾ ਨਾਲ ਚੁੱਕਣ ਤੋਂ ਬਾਅਦ ਪੰਜਾਬ ਸਰਕਾਰ ਹਰਕਤ ‘ਚ ਆਈ ਹੈ।
ਪੰਜਾਬ ਸਰਕਾਰ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵੱਲੋ ਅੱਜ ਚੰਡੀਗੜ੍ਹ ਵਿਖੇ ਖਿਡਾਰਨ ਹਰਦੀਪ ਕੌਰ ਨੂੰ ਸਰਕਾਰੀ ਨੌਕਰੀ ਦਿੰਦਿਆ ਜੁਆਇੰਗ ਲੈਟਰ ਸੌਂਪਿਆ ਹੈ। ਜੁਆਇੰਗ ਲੈਟਰ ਅਨੁਸਾਰ ਹਰਦੀਪ ਕੌਰ ਨੂੰ ਮਾਨਸਾ ਜ਼ਿਲ੍ਹੇ ਲਈ ਕਰਾਟੇ ਕੋਚ ਤਾਇਨਾਤ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਇਹ 23 ਸਾਲਾ ਖਿਡਾਰਨ ਹਰਦੀਪ ਕੌਰ ਇੱਕ ਗਰੀਬ ਪਰਿਵਾਰ ਨਾਲ ਤਾਅਲੁਕ ਰਖਦੀ ਹੈ। ਉਸ ਨੇ ਕੌਮੀ ਤੇ ਕੌਮਾਂਤਰੀ ਚੈਂਪੀਅਨਸ਼ਿਪ ਵਿੱਚ 20 ਤੋਂ ਵੀ ਵੱਧ ਮੈਡਲ ਜਿੱਤੇ ਹਨ।
ਉਸ ਨੇ ਜਦੋਂ 2018 ਵਿੱਚ ਮਲੇਸ਼ੀਆ ‘ਚ ਸੋਨ ਤਮਗਾ ਜਿੱਤਿਆ ਸੀ ਤਾਂ ਪੰਜਾਬ ਸਰਕਾਰ ਨੇ ਉਸ ਨੂੰ ਨੌਕਰੀ ਦੇਣ ਦਾ ਐਲਾਨ ਕੀਤਾ ਸੀ। ਪਰ ਤਿੰਨ ਸਾਲਾਂ ਬਾਅਦ ਵੀ ਉਸ ਨੂੰ ਕੋਈ ਨੌਕਰੀ ਨਹੀਂ ਮਿਲੀ। ਸਰਕਾਰੀ ਨੌਕਰੀ ਲਈ ਉਹ ਚਾਰ ਵਾਰ ਚੰਡੀਗੜ੍ਹ ਵੀ ਗਈ ਪਰ ਕੋਈ ਫਾਇਦਾ ਨਹੀਂ ਹੋਇਆ।
ਇਹ ਵੀ ਪੜ੍ਹੋ : ਪੰਜਾਬ ਖੇਡ ਵਿਭਾਗ ਵੱਲੋਂ ਮੋਬਾਈਲ ਐਪ “ਖੇਡੋ ਪੰਜਾਬ” ਜਾਰੀ, ਖਿਡਾਰੀ ਖੁਦ ਆਨਲਾਈਨ ਹੋ ਸਕਣਗੇ ਰਜਿਸਟਰ, ਜਾਣੋ ਹੋਰ ਫਾਇਦੇ
ਉਹ ਇਸ ਵੇਲੇ ਪਟਿਆਲਾ ਤੋਂ ਫਿਜ਼ੀਕਲ ਐਜੂਕੇਸ਼ਨ ਵਿੱਚ ਪੋਸਟ ਗ੍ਰੈਜੂਏਟ ਡਿਪਲੋਮਾ ਕਰ ਰਹੀ ਹੈ। ਉਸ ਦੇ ਮਾਪੇ ਝੋਨੇ ਦੇ ਖੇਤਾਂ ਵਿੱਚ ਕੰਮ ਕਰਦੇ ਹਨ। ਉਹ ਆਪਣੀ ਪੜ੍ਹਾਈ ਦਾ ਖਰਚਾ ਚੁੱਕ ਲਈ ਅਤੇ ਮਾਪਿਆਂ ਦੀ ਮਦਦ ਕਰਨ ਲਈ ਖੁਦ ਵੀ ਝੋਨੇ ਦੇ ਖੇਤਾਂ ‘ਚ ਮਜ਼ਦੂਰੀ ਕਰ ਰਹੀ ਹੈ। ਜਦੋਂ ਇਹ ਮੁੱਦਾ ਸੁਰਖੀਆਂ ਵਿੱਚ ਆਇਆ ਤਾਂ ਸਰਕਾਰ ਜਾਗੀ ਤੇ ਖਿਡਾਰਨ ਨੂੰ ਅਖੀਰ ਸਰਕਾਰੀ ਨੌਕਰੀ ਮਿਲ ਹੀ ਗਈ।