ਕਰਜ਼ੇ ਦੇ ਬੋਝ ਹੇਠ ਦੱਬੇ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਦਾ ਸਿਲਸਿਲਾ ਰੁਕ ਹੀ ਨਹੀਂ ਰਿਹਾ। ਹੁਣ ਤਾਜ਼ਾ ਮਾਮਲਾ ਸਾਹਮਣੇ ਆਇਆ ਰਾਮਪੁਰਾ ਫੂਲ ਵਿੱਚ ਪੈਂਦੇ ਪਿੰਡ ਮੰਡੀ ਕਲਾਂ ਤੋਂ, ਜਿਥੇ ਕਿਸਾਨ ਜਗਸੀਰ ਸਿੰਘ ਨੇ ਫਾਹਾ ਲਾ ਕੇ ਆਪਣੀ ਜੀਵਨ ਲੀਲਾ ਦਾ ਅੰਤ ਕਰ ਲਿਆ। ਉਸ ਦੀ ਪਤਨੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਹੁਣ ਉਹ ਆਪਣੇ ਪਿੱਛੇ ਬੁੱਢੀ ਮਾਂ ਤੇ ਧੀ-ਪੁੱਤ ਛੱਡ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਜਗਸੀਰ ਸਿੰਘ ‘ਤੇ ਬੈਂਕ ਅਤੇ ਪਿੰਡ ਦੇ ਹੀ ਕੁਝ ਲੋਕਾਂ ਦਾ ਕਰਜ਼ਾ ਸੀ, ਜਿਸ ਵਿੱਚ ਲੈਂਡ ਮੋਰਗ ਬੈਂਕ ਦਾ ਸਾਢੇ 3 ਲੱਖ ਅਤੇ ਬਾਕੀ ਪਿੰਡ ਦੇ ਕੁਝ ਜ਼ਿੰਮੀਂਦਾਰਾਂ ਦਾ ਮਿਲਾ ਕੇ ਕੁਲ ਸਾਢੇ 6 ਲੱਖ ਦੇ ਕਰੀਬ ਕਰਜ਼ਾ ਸੀ। ਪਿੰਡ ਦੇ ਲੋਕ ਉਸ ਨੂੰ ਦਿਹਾੜੀ ‘ਤੇ ਲਿਜਾ ਕੇ ਆਪਣੇ ਪੈਸੇ ਕੱਟ ਲੈਂਦੇ ਹਨ ਇਸ ਲਈ ਉਹ ਪ੍ਰੇਸ਼ਾਨ ਰਹਿੰਦਾ ਸੀ। ਉਸ ਦੀ 2 ਕਨਾਲ ਜ਼ਮੀਨ ਵੀ ਬੈਂਕ ਦੇ ਕੋਲ ਗਿਰਵੀ ਸੀ। ਇਸੇ ਪ੍ਰੇਸ਼ਾਨੀ ਦੇ ਚੱਲਦਿਆਂ ਉਸ ਨੇ ਅੱਜ ਖੁਦਕੁਸ਼ੀ ਕਰ ਲਈ।
ਇਹ ਵੀ ਪੜ੍ਹੋ : ਕੈਬ ‘ਚ ਸਫਰ ਕਰਨ ਵਾਲੀਆਂ ਔਰਤਾਂ ਲਈ ਚੰਗੀ ਖ਼ਬਰ, ਨਵੇਂ ਫੀਚਰ ਨਾਲ ਰਾਈਡ ਹੋਵੇਗੀ ਹੋਰ ਸੇਫ਼
ਪੁਲਿਸ ਨੇ ਜਗਸੀਰ ਸਿੰਘ ਦੀ ਲਾਸ਼ ਪੋਸਟਮਾਰਟਮ ਲਈ ਰਾਮਪੁਰਾ ਸਿਵਲ ਹਸਪਤਾਲ ਵਿੱਚ ਰਖਵਾ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਕਿਸਾਨ ਸੰਗਠਨਾਂ ਨੇ ਮ੍ਰਿਤਕ ਲਈ ਸਰਕਾਰ ਤੋਂ 5 ਲੱਖ ਮੁਆਵਜ਼ੇ ਦੀ ਮੰਗ ਕੀਤੀ ਹੈ। ਜੇ ਸਰਕਾਰ ਉਨ੍ਹਾਂ ਦੀ ਗੱਲ ਨਹੀਂ ਸੁਣਦੀ ਤਾਂ ਉਨ੍ਹਾਂ ਨੇ ਮ੍ਰਿਤਕ ਦੀ ਲਾਸ਼ ਨੂੰ ਸੜਕ ‘ਤੇ ਰਖ ਕੇ ਪ੍ਰਦਰਸ਼ਨ ਦੀ ਚਿਤਾਵਨੀ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -: