ASI of Bathinda dismissed : ਬਾਠ ਪਿੰਡ ਦੀ ਵਿਧਵਾ ਔਰਤ ਨਾਲ ਫੜੇ ਗਏ CIA ਦੇ ASI ਗੁਰਿੰਦਰ ਸਿੰਘ ਨੂੰ ਉਸ ਦੀ ਕਰਤੂਤ ਲਈ ਸਜ਼ਾ ਦਿੰਦਿਆਂ ਉਸ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਦੋਸ਼ੀ ਏਐਸਆਈ ਨੂੰ ਜਬਰ-ਜ਼ਨਾਹ ਦੇ ਮਾਮਲੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਗੱਲ ਦੀ ਪੁਸ਼ਟੀ ਬਠਿੰਡਾ ਦੇ ਐਸਐਸਪੀ ਭੁਪਿੰਦਰਜੀਤ ਨੇ ਕੀਤੀ।
ਬਠਿੰਡਾ ਸੀਆਈਏ ਸਟਾਫ ਦੇ ਏਐਸਆਈ ਗੁਰਿੰਦਰ ਸਿੰਘ ਨੂੰ ਪਿੰਡ ਬਾਠ ਦੇ ਲੋਕਾਂ ਨੇ ਇੱਕ ਵਿਧਵਾ ਔਰਤ ਨਾਲ ਜਬਰ-ਜ਼ਨਾਹ ਕਰਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਅਤੇ ਫਿਰ ਇਸ ਦਾ ਵੀਡੀਓ ਬਣਾ ਕੇ ਇੰਟਰਨੈੱਟ ਮੀਡੀਆ ’ਤੇ ਵੀ ਵਾਇਰਲ ਕਰ ਦਿੱਤਾ ਗਿਆ। ਏਐਸਆਈ ਗੁਰਵਿੰਦਰ ਸਿੰਘ ਨੇ 6 ਮਈ ਨੂੰ ਆਪਣੇ ਸਾਥੀ ਮੁਲਾਜ਼ਮਾਂ ਨਾਲ ਮਿਲ ਕੇ ਥਾਣਾ ਨਥਾਣਾ ਅਧੀਨ ਆਉਂਦੇ ਪਿੰਡ ਦੇ ਨੌਜਵਾਨ ਖਿਲਾਫ ਥਾਣਾ ਕੈਂਟ ਵਿੱਚ ਅਫੀਮ ਤਸਕਰੀ ਦਾ ਮਾਮਲਾ ਦਰਜ ਕੀਤਾ ਸੀ।
ਨੌਜਵਾਨ ਦੀ ਮਾਂ ਨੇ ਏਐਸਆਈ ਨੂੰ ਮਿਲ ਕੇ ਪੁੱਤਰ ਦੇ ਬੇਕਸੂਰ ਹੋਣ ਦੀ ਗੱਲ ਕਹੀ ਤਾਂ ਏਐਸਆਈ ਨੇ ਉਸ ਨੂੰ ਬਲੈਕਮੇਲ ਕਰਦੇ ਹੋਏ ਉਸ ਨੂੰ ਸਰੀਰਕ ਸੰਬੰਧ ਬਣਾਉਣ ਲਈ ਕਿਹਾ।
ਐਸਐਸਪੀ ਭੁਪਿੰਦਰਜੀਤ ਸਿੰਘ ਨੇ ਦੱਸਿਆ ਕਿ ਔਰਤ ਦੇ ਬਿਆਨਾਂ ਮੁਤਾਬਕ 10 ਮਈ ਨੂੰ ਦੋਸ਼ੀ ਏਐਸਆਈ ਨੇ ਆਦਸ਼ ਹਸਪਤਾਲ ਦੇ ਨੇੜੇ ਕਿਸੇ ਥਾਂ ‘ਤੇ ਉਸ ਨਾਲ ਜ਼ਬਰਦਸਤੀ ਸੰਬੰਧ ਬਣਾਏ ਅਤੇ ਉਸ ਨੂੰ ਭੁੱਚੋ ਛੱਡ ਦਿੱਤਾ। 11 ਮਈ ਨੂੰ ਔਰਤ ਨੇ ਪਹਿਲਾਂ ਤੋਂ ਹੀ ਪਿੰਡ ਵਾਲਿਆਂ ਨੂੰ ਇਸ ਬਾਰੇ ਜਾਣਕਾਰੀ ਦੇ ਦਿੱਤੀ ਸੀ, ਇਸ ਤੋਂ ਬਾਅਦ ਜਦੋਂ ਮੰਗਲਵਾਰ ਰਾਤ ਨੂੰ ਏਐਸਆਈ ਔਰਤ ਦੇ ਘਰ ਪਹੁੰਚਿਆ ਤਾਂ ਪਿੰਡ ਵਾਲਿਆਂ ਨੇ ਉਸ ਨੂੰ ਰੰਗੇ ਹੱਥੀਂ ਫੜ ਲਿਆ ਅਤੇ ਥਾਣੇ ਦੇ ਹਵਾਲੇ ਕਰ ਦਿੱਤਾ ਗਿਆ।