Bathinda ASI of CIA staff : ਬਠਿੰਡਾ : ਪੰਜਾਬ ਪੁਲਿਸ ਦੇ ਮੁਲਾਜ਼ਮ ਆਪਣੇ ਵਿਭਾਗ ਦੇ ਅਕਸ ਨੂੰ ਦਾਗ ਲਾਉਣ ਤੋਂ ਬਾਜ਼ ਨਹੀਂ ਆ ਰਹੇ ਹਨ। ਇਨ੍ਹਾਂ ਵਿੱਚੋਂ ਕਈ ਮੁਲਾਜ਼ਮ ਲੋਕਾਂ ਦੀ ਮਜਬੂਰੀ ਦਾ ਫਾਇਦਾ ਚੁੱਕ ਕੇ ਆਪਣੀਆਂ ਮਾੜੀਆਂ ਕਰਤੂਤਾਂ ਨਾਲ ਪੂਰੀ ਪੰਜਾਬ ਪੁਲਿਸ ਨੂੰ ਬਦਨਾਮ ਕਰ ਰਹੇ ਹਨ। ਅਜਿਹਾ ਹੀ ਕੀਤਾ ਬਠਿੰਡਾ ਸੀਆਈਏ ਸਟਾਫ ਦੇ ਏਐਸਆਈ ਗੁਰਿੰਦਰ ਸਿੰਘ ਨੇ।
ਜਿਸ ਨੂੰ ਪਿੰਡ ਬਾਠ ਦੇ ਲੋਕਾਂ ਨੇ ਇੱਕ ਵਿਧਵਾ ਔਰਤ ਨਾਲ ਜਬਰ-ਜ਼ਨਾਹ ਕਰਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਅਤੇ ਫਿਰ ਇਸ ਦਾ ਵੀਡੀਓ ਬਣਾ ਕੇ ਇੰਟਰਨੈੱਟ ਮੀਡੀਆ ’ਤੇ ਵੀ ਵਾਇਰਲ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਏਐਸਆਈ ਨੇ ਪੀੜਤ ਔਰਤ ਦੇ ਪੁੱਤਰ ’ਤੇ ਨਸ਼ਾ ਤਸਕਰੀ ਦਾ ਮਾਮਲਾ ਦਰਜ ਕੀਤਾ ਸੀ ਜਿਸ ਤੋਂ ਬਾਅਦ ਉਸ ਦੀ ਮਦਦ ਕਰਨ ਦੇ ਬਦਲੇ ਵਿੱਚ ਉਸ ਦੇ ਨਾਲ ਜਬਰ-ਜ਼ਨਾਹ ਕਰ ਰਿਹਾ ਸੀ।
ਪੀੜਤ ਔਰਤ ਇਸ ਮਾਮਲੇ ਦੀ ਜਾਣਕਾਰੀ ਪਹਿਲਾਂ ਤੋਂ ਹੀ ਪਿੰਡ ਵਾਲਿਆਂ ਨੂੰ ਦੇ ਦਿੱਤੀ ਸੀ, ਇਸ ਤੋਂ ਬਾਅਦ ਜਦੋਂ ਮੰਗਲਵਾਰ ਰਾਤ ਨੂੰ ਏਐਸਆਈ ਔਰਤ ਦੇ ਘਰ ਪਹੁੰਚਿਆ ਤਾਂ ਪਿੰਡ ਵਾਲਿਆਂ ਨੇ ਉਸ ਨੂੰ ਰੰਗੇ ਹੱਥੀਂ ਫੜ ਲਿਆ ਅਤੇ ਥਾਣੇ ਦੇ ਹਵਾਲੇ ਕਰ ਦਿੱਤਾ ਗਿਆ। ਇਸ ਮਾਮਲੇ ਵਿੱਚ ਐਸਐਸਪੀ ਭੁਪਿੰਦਰ ਸਿੰਘ ਵਿਰਕ ਦਾ ਕਹਿਣਾ ਹੈ ਕਿ ਦੋਸ਼ੀ ਪੁਲਿਸ ਮੁਲਾਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਉਸ ਨੂੰ ਨੌਕਰੀ ਤੋਂ ਬਰਖਾਸਤ ਕਰਨ ਦੀ ਸਿਫਾਰਿਸ਼ ਵਿਭਾਗ ਨੂੰ ਭੇਜੀ ਜਾ ਰਹੀ ਹੈ।