ਅਗਨੀਪਥ ਯੋਜਨਾ ਨੂੰ ਲੈ ਕੇ ਦੇਸ਼ ਭਰ ‘ਚ ਪ੍ਰਦਰਸ਼ਨ ਹੋ ਰਹੇ ਹਨ। ਵੱਖ-ਵੱਖ ਥਾਵਾਂ ‘ਤੇ ਲੋਕ ਹਿੰਸਕ ਪ੍ਰਦਰਸ਼ਨ ਕਰ ਰਹੇ ਹਨ। ਐਤਵਾਰ ਨੂੰ ਅਗਨੀਪਥ ਯੋਜਨਾ ‘ਤੇ ਪ੍ਰਦਰਸ਼ਨ ਦਾ ਚੌਥਾ ਦਿਨ ਸੀ, ਜਿਸ ਵਿੱਚ ਪ੍ਰਦਰਸ਼ਨ ਦੌਰਾਨ ਸਰਕਾਰੀ ਜਾਇਦਾਦਾਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਗਿਆ।
ਇਸ ਦੇ ਨਾਲ ਹੀ 20 ਜੂਨ ਨੂੰ ਮੁੜ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਵਿੱਚ ਵੀ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ADGP ਲਾਅ ਐਂਡ ਆਰਡਰ ਈਸ਼ਵਰ ਸਿੰਘ ਨੇ ਸੁਰੱਖਿਆ ਦੇ ਪੁਖਤਾ ਸੰਬੰਧ ਕਰਨ ਹੁਕਮ ਜਾਰੀ ਕੀਤੇ ਹਨ। ਇਸ ਦੇ ਮੱਦੇਨਜ਼ਰ ਸ਼ਹਿਰ-ਸ਼ਹਿਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।
ADGP ਵੱਲੋਂ ਆਪਣੇ ਹੁਕਮਾਂ ਵਿੱਚ ਸੋਸ਼ਲ ਮੀਡੀਆ ਸੈੱਲਾਂ ਨੂੰ ਸਰਗਰਮ ਰਹਿਣ ਦੇ ਆਦੇਸ਼ ਦਿੱਤੇ ਗਏ ਹਨ ਤਾਂਜੋ ਕੋਈ ਭੜਕਾਊ ਸੰਦੇਸ਼ ਨਾ ਫੈਲਾਏ ਜਾ ਸਕਣ। ਕੇਂਦਰ ਸਰਕਾਰ ਨਾਲ ਸਬੰਧਤ ਦਫ਼ਤਰਾਂ ਦੀ ਸੁਰੱਖਿਆ ਵੀ ਵਧਾਉਣ ਦੇ ਹੁਕਮ ਦਿੱਤੇ ਗਏ ਹਨ। ਅਧਿਕਾਰੀਆਂ ਨੂੰ ਰੇਲਵੇ ਸਟੇਸ਼ਨਾਂ ਨੂੰ ਵੀ ਸੁਰੱਖਿਅਤ ਕਰਨ ਲਈ ਕਿਹਾ ਗਿਆ ਹੈ।
ਹੁਕਮਾਂ ਵਿੱਚ ਅੱਗੇ ਕਿਹਾ ਗਿਆ ਹੈ ਕਿ ਰਾਜ ਪੁਲਿਸ, ਜੀਆਰਪੀ ਅਤੇ ਆਰਪੀਐਫ ਵਿਚਕਾਰ ਤਾਲਮੇਲ ਹੋਣਾ ਚਾਹੀਦਾ ਹੈ। ਆਰਮੀ ਭਰਤੀ ਕੇਂਦਰ ‘ਤੇ ਖਾਸ ਨਿਗਰਾਣੀ ਰਖਣ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਕੇਂਦਰ ਵਿੱਚ ਭਾਜਪਾ ਸਰਕਾਰ ਹੋਣ ਕਰਕੇ ਬੀਜੇਪੀ ਆਗੂਆਂ ਦੀ ਸੁਰੱਖਿਆ ਵੀ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।
ਲੁਧਿਆਣਾ ਵਿੱਚ ਬੀਤੇ ਦਿਨ ਹੋਈ ਭੰਨ-ਤੋੜ ਤੋਂ ਬਾਅਦ ਏਡੀਜੀਪੀ ਰੇਲਵੇ ਐੱਮ.ਐੱਫ. ਫਾਰੂਕੀ ਨੇ ਸਾਫ ਕੀਤਾ ਹੈ ਕਿ ਕਿਸੇ ਨੂੰ ਵੀ ਸੁਰੱਖਿਆ ਵਿਵਸਥਾ ਨਾਲ ਖਿਲਵਾੜ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਸਾਨੂੰ ਭੰਨ-ਤੋੜ ਕਰਨ ਵਾਲੇ ਦੋਸ਼ੀਆਂ ਦੇ ਖਿਲਾਫ ਅਪਰਾਧਕ ਮਾਮਲਾ ਦਰਜ ਕੀਤਾ ਹੈ।
ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਪੁਖਤਾ ਪੁਲਿਸ ਬਲ ਤਾਇਨਾਤ ਕੀਤੇ ਗਏ ਹਨ। ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ ਆਦਿ ‘ਤੇ ਵੱਡੀ ਗਿਣਤੀ ‘ਚ ਪੁਲਿਸ ਫੋਰਸ ਮੁਸ਼ਤੈਦ ਰਹੇਗੀ।
ਹਰਿਆਣਾ ਦੇ ਕਈ ਸ਼ਹਿਰਾਂ ਵਿੱਚ ਨੌਜਵਾਨਾਂ ਵਿੱਚ ਗੁੱਸਾ ਹੈ ਤੇ ਹਰ ਰੋਜ਼ ਪ੍ਰਦਰਸ਼ਨ ਵਧਦਾ ਜਾ ਰਿਹਾ ਹੈ। ਮਹੇਂਦਰਗੜ੍ਹ, ਸੋਨੀਪਤ, ਜੀਂਦ, ਫਤਿਹਾਬਾਦ, ਕੈਥਲ, ਕੁਰੂਕਸ਼ੇਤਰ, ਅੰਬਾਲਾ, ਮੇਵਾਤ, ਪਲਵਲ ਸਣੇ ਕਈ ਸ਼ਹਰਾਂ ਵਿੱਚ ਪ੍ਰਸ਼ਾਸਨ ਵੀ ਅਲਰਟ ਹੈ। ਦੂਜੇ ਪਾਸੇ ਕੁਰੂਕਸ਼ੇਤਰ, ਜੀਂਦ ਸਣੇ ਕਈ ਸ਼ਹਿਰਾਂ ਵਿੱਚ ਪ੍ਰਸ਼ਾਸਨ ਨੇ ਧਾਰਾ-144 ਵੀ ਲਾਗੂ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -: