Bibi Jagir Kaur : ਕੋਰੋਨਾ ਤੋਂ ਬਾਅਦ ਹੁਣ ਲਗਭਗ ਸਾਰੀਆਂ ਧਾਰਮਿਕ ਥਾਵਾਂ, ਮੰਦਰਾਂ, ਗੁਰਦੁਆਰਿਆਂ ਨੂੰ ਖੋਲ੍ਹ ਦਿੱਤਾ ਗਿਆ ਹੈ ਪਰ ਕਰਤਾਰਪੁਰ ਲਾਂਘਾ ਬੰਦ ਹੋਣ ਨੂੰ ਪੂਰੇ ਇੱਕ ਸਾਲ ਤੋਂ ਵੀ ਵੱਧ ਦਾ ਸਮਾਂ ਹੋ ਗਿਆ ਹੈ ਪਰ ਅਜੇ ਤੱਕ ਇਸ ਬਾਰੇ ਕੋਈ ਫੈਸਲਾ ਨਹੀਂ ਲਿਆ ਗਿਆ। ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਇਸ ‘ਤੇ ਨਾਰਾਜ਼ਗੀ ਜਤਾਈ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਭਾਰਤ-ਪਾਕਿ ਸਮਝੌਤੇ ਤਹਿਤ ਸਾਲ ‘ਚ 4 ਜੱਥਿਆ ਦੀ ਪੱਕੀ ਪ੍ਰਵਾਨਗੀ ਦਿੱਤੀ ਗਈ ਹੈ ਪਰ ਨਨਕਾਣਾ ਸਾਹਿਬ ਦੇ ਜੱਥੇ ਨੂੰ ਰੱਦ ਕਰਨ ਦੀ ਪੀੜਾ ਹਰ ਸਿੱਖ ਦੇ ਮਨ ‘ਚ ਅਜੇ ਵੀ ਹੈ। ਕੋਰੋਨਾ ਤੇ ਸੁਰਖਿਆ ਦਾ ਬਹਾਨਾ ਲਗਾ ਕੇ ਐਨ ਮੌਕੇ ‘ਤੇ ਜਥੇ ਨੂੰ ਰੱਦ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਪਿਛਲੇ ਮਹੀਨੇ ਦੇ ਮੁਕਾਬਲੇ ਕੋਰੋਨਾ ਤੇ ਸੁਰਖਿਆ ਸਬੰਧੀ ਹੋਇਆ ਕੀ ਬਦਲਾਅ ਹੋਏ ਹਨ?
ਬੀਬੀ ਜਗੀਰ ਕੌਰ ਨੇ ਕਿਹਾ ਕਿ ਕੋਰੋਨਾ ਤਾਂ ਸਿਰਫ ਬਹਾਨਾ ਹੈ ਅਸਲ ‘ਚ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਕਰਤਾਰਪੁਰ ਲਾਂਘਾ ਨਾ ਖੋਲ੍ਹ ਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਰਹੀ ਹੈ। ਉਨ੍ਹਾਂ ਕਿਹਾ ਕਿ ਸਿਰਫ ਕਰਤਾਰਪੁਰ ਸਾਹਿਬ ‘ਤੇ ਹੀ ਕਿਉਂ ਪਾਬੰਦੀ ਲਗਾਈ ਜਾ ਰਹੀ ਹੈ। ਰੈੱਲੀਆਂ ਜਾਂ ਧਾਰਮਿਕ ਸਮਾਗਮਾਂ ‘ਤੇ ਕੋਈ ਬੰਦਿਸ਼ ਨਹੀਂ ਹੈ। ਕਰਤਾਰਪੁਰ ਕਾਰੀਡੋਰ ਇਕ ਸਾਲ ਤੋਂ ਵੱਧ ਸਮੇਂ ਤੋਂ ਬੰਦ ਪਿਆ ਹੈ। ਬੀਬੀ ਜਗੀਰ ਕੌਰ ਨੇ ਇਸ ਮਾਮਲੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫਿਰ ਤੋਂ ਚਿੱਠੀ ਲਿਖੀ ਹੈ ਤੇ ਲਾਂਘਾ ਨੂੰ ਤੁਰੰਤ ਖੋਲ੍ਹਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਜਲਦੀ ਤੋਂ ਜਲਦੀ ਲਾਂਘੇ ਨੂੰ ਖੋਲ੍ਹਣ ਦੀ ਅਪੀਲ ਕੀਤੀ ਤੇ ਨਾਲ ਹੀ ਵਿਸਾਖੀ ਮੌਕੇ ਪਾਕਿਸਤਾਨ ਜਾਣ ਲਈ 873 ਸ਼ਰਧਾਲੂਆਂ ਦੀ ਲਿਸਟ ਵੀ ਭੇਜੀ ਹੈ ਤਾਂ ਜੋ ਸਿੱਖ ਸ਼ਰਧਾਲੂ ਉਥੇ ਜਾ ਕੇ ਦਰਸ਼ਨ ਕਰ ਸਕਣ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਵੀ ਕਰਤਾਰਪੁਰ ਲਾਂਘਾ ਖੋਲ੍ਹੇ ਜਾਣ ਦੀ ਅਪੀਲ ਕੇਂਦਰ ਨੂੰ ਕੀਤੀ ਜਾ ਚੁੱਕੀ ਹੈ। ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ ਕਿ ਸੁਰੱਖਿਆ ਦੇ ਬਹਾਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਈ ਜਾਣੀ ਚਾਹੀਦੀ। ਹਰਪ੍ਰੀਤ ਨੇ ਕਿਹਾ ਕਿ ਕਰਤਾਰਪੁਰ ਲਾਂਘਾ ਸੰਗਤ ਦੀਆਂ ਭਾਵਨਾਵਾਂ ਦੇ ਮੱਦੇਨਜ਼ਰ ਜਲਦੀ ਖੋਲ੍ਹਿਆ ਜਾਣਾ ਚਾਹੀਦਾ ਹੈ। ਹਾਲਾਂਕਿ ਜੱਥੇ ਘੱਟ ਭੇਜੇ ਜਾ ਸਕਦੇ ਹਨ ਪਰ ਸ਼ਰਧਾਲੂਆਂ ਨੂੰ ਕਰਤਾਰਪੁਰ ਸਾਹਿਬ ਜਾਣ ਤੋਂ ਰੋਕਣਾ ਮੰਦਭਾਗਾ ਕਦਮ ਹੋਵੇਗਾ।