ਚੰਡੀਗੜ੍ਹ : ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੱਧੂ ਵੱਲੋਂ ‘ਬੁਲਡੋਜ਼’ ਕੀਤਾ ਜਾ ਰਿਹਾ ਹੈ, ਜੋ ਲੋਕਤੰਤਰ ਲਈ ਬਹੁਤ ਘਾਤਕ ਸਿੱਧ ਹੋਵੇਗਾ।
ਚੁੱਘ ਨੇ ਕਿਹਾ ਕਿ ਸਿੱਧੂ ਜਿਸ ਤਰ੍ਹਾਂ ਮੁੱਖ ਮੰਤਰੀ ਅਤੇ ਦੋ ਉਪ ਮੁੱਖ ਮੰਤਰੀਆਂ ਨਾਲ ਪੇਸ਼ ਆ ਰਹੇ ਹਨ, ਉਨ੍ਹਾਂ ਨੂੰ ਨਿਰਦੇਸ਼ ਦੇ ਰਹੇ ਹਨ, ਪਹਿਲੀ ਕੈਬਨਿਟ ਮੀਟਿੰਗ ਤੋਂ ਪਹਿਲਾਂ ਉਸ ਮੀਟਿੰਗ ਦੇ ਫੈਸਲੇ ਸੁਣਾ ਰਹੇ ਹਨ, ਇਹ ਆਲ ਇੰਡੀਆ ਕਾਂਗਰਸ ਪਾਰਟੀ ਦਾ ਸਪੱਸ਼ਟ ਸੰਕੇਤ ਹੈ ਕਿ ਸਿੱਧੂ ਪੰਜਾਬ ਵਿੱਚ ਚਿਹਰਾ ਹੋਣਗੇ ਅਤੇ ਬਾਕੀ ਕੈਬਨਿਟ ਉਨ੍ਹਾਂ ਦੀ ਹਾਂ ਵਿੱਚ ਹਾਂ ਮਿਲਾਉਂਦੀ ਰਹੇਗੀ।
ਚੁੱਘ ਨੇ ਕਿਹਾ ਕਿ ਜਿਸ ਢੰਗ ਨਾਲ ਸਿੱਧੂ ਮੁੱਖ ਮੰਤਰੀ ਅਤੇ ਦੋ ਉਪ ਮੁੱਖ ਮੰਤਰੀਆਂ ਨੂੰ ਦਬੰਗ ਤਰੀਕੇ ਨਾਲ ਨਿਰਦੇਸ਼ ਦੇ ਰਹੇ ਹਨ, ਉਸ ਨਾਲ ਭਾਰਤੀ ਲੋਕਤੰਤਰ ਨੂੰ ਸ਼ਰਮਸਾਰ ਕੀਤਾ ਜਾ ਰਿਹਾ ਹੈ।
ਚੁੱਘ ਨੇ ਕਾਂਗਰਸ ਪਾਰਟੀ ਦੀ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਪੁੱਛਿਆ ਕਿ ਜੇ ਉਨ੍ਹਾਂ ਨੂੰ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਉਪ ਮੁੱਖ ਮੰਤਰੀਆਂ ਨੂੰ ਸਿੱਧੂ ਦੇ ਹੱਥਾਂ ਵਿੱਚ ਸਾਧਨ ਬਣਾਉਣਾ ਸੀ, ਤਾਂ ਕਾਂਗਰਸ ਹਾਈਕਮਾਂਡ ਨੇ ਸਿੱਧੂ ਨੂੰ ਮੁੱਖ ਮੰਤਰੀ ਨਿਯੁਕਤ ਕਿਉਂ ਨਹੀਂ ਕੀਤਾ?
ਇਹ ਵੀ ਪੜ੍ਹੋ : ਵੱਡੀ ਖਬਰ : ਵਿਨੀ ਮਹਾਜਨ ਦੀ ਹੋਈ ਛੁੱਟੀ, ਅਨਿਰੁੱਧ ਤਿਵਾੜੀ ਬਣੇ ਪੰਜਾਬ ਦੇ ਨਵੇਂ ਮੁੱਖ ਸਕੱਤਰ
ਚੁੱਘ ਨੇ ਪੰਜਾਬ ਦੇ ਕਾਂਗਰਸ ਇੰਚਾਰਜ ਹਰੀਸ਼ ਰਾਵਤ ‘ਤੇ ਇਹ ਵੀ ਕਿਹਾ ਕਿ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਬਾਜਵਾ ਨਵਜੋਤ ਸਿੰਘ ਸਿੱਧੂ ਦੇ “ਪੰਜਾਬੀ ਭਾਈ” ਹਨ, ਜੋ ਕਿ ਗਲਤ ਹੈ। ਜਗ ਜ਼ਾਹਿਰ ਹੈ ਕਿ ਪੰਜਾਬੀ ਪੁੱਤਰ ਦੇਸ਼ ਦੀ ਰੱਖਿਆ ਤੇ ਸੁਰੱਖਿਆ, ਮਾਣ-ਸਨਮਾਨ ਲਈ ਜਾਣੇ ਜਾਂਦੇ ਹਨ, ਦੁਸ਼ਮਣ ਦੀ ਫੌਜ ਦੇ ਜਨਰਲ ਨੂੰ ਭਰਾ ਕਹਿਣਾ ਪੰਜਾਬੀਆਂ ਦੀ ਬੇਇਜ਼ਤੀ ਹੈ।
ਚੁਘ ਨੇ ਕਿਹਾ, “ਜੇ ਕਾਂਗਰਸ ਪੰਜਾਬ ਵਿੱਚ ਇਸ ਤਰ੍ਹਾਂ ਦੀ ਦੇਸ਼ ਵਿਰੋਧੀ ਭਾਵਨਾ ਫੈਲਾਉਣ ਜਾ ਰਹੀ ਹੈ, ਤਾਂ ਭਾਜਪਾ ਇਸਦਾ ਸਖਤ ਵਿਰੋਧ ਕਰੇਗੀ ਅਤੇ ਪੰਜਾਬ ਵਿੱਚ ਕਾਂਗਰਸ ਦੇ ਰਾਸ਼ਟਰ ਵਿਰੋਧੀ ਮਨਸੂਬਿਆਂ ਦਾ ਪਰਦਾਫਾਸ਼ ਕਰੇਗੀ।”