Brar Seeds bought : ਬੀਜ ਘਪਲੇ ਮਾਮਲੇ ਵਿਚ ਇਕ ਨਵਾਂ ਖੁਲਾਸਾ ਹੋਇਆ ਹੈ। ਇਸ ਵਿਚ ਗ੍ਰਿਫਤਾਰ ਕੀਤੇ ਗਏ ਪਹਿਲੇ ਦੋਸ਼ੀ ਬਰਾੜ ਸੀਡਸ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ (PAU) ਦੇ ਲਾਡੋਵਾਲ ਸੀਡਸ ਫਾਰਮ ਤੋਂ ਚਾਰ ਕੁਇੰਟਲ ਪੀਆਰ-128 ਬੀਜ ਖਰੀਦੇ ਸਨ, ਜਿਸ ਲਈ ਉਸ ਨੂੰ ਪੰਜ ਬਿੱਲ ਵੀ ਜਾਰੀ ਕੀਤੇ ਗਏ ਸਨ। ਇਥੇ ਇਹ ਸਾਵਲ ਉਠਦਾ ਹੈ ਕਿ ਜਿਸ ਬੀਜ ਦੀ ਵੈਰਾਇਟੀ ਨੂੰ ਵੇਚਣ ਦਾ ਅਧਿਕਾਰ ਪੀਏਯੂ ਨੂੰ ਨਹੀਂ ਦਿੱਤਾ ਗਿਆ ਸੀ, ਉਸ ਨੂੰ ਬਰਾੜ ਸੀਡਸ ਨੂੰ ਕਿਵੇਂ ਵੇਚਿਆ ਗਿਆ।
ਇਸ ਮਾਮਲੇ ’ਤੇ ਪੀਏਯੂ ਦਾ ਕੋਈ ਵੀ ਅਧਿਕਾਰੀ ਕੁਝ ਕਹਿਣ ਲਈ ਤਿਆਰ ਨਹੀਂ ਹੈ। ਉਨ੍ਹਾਂ ਦਾ ਸਿਰਫ ਇੰਨਾ ਕਹਿਣਾ ਹੈ ਕਿ ਜਿਸ ਨੇ ਬੀਜ ਖਰੀਦਿਆ ਹੈ, ਬਰਾੜ ਸੀਡਸ ਤੋਂ ਪੁੱਛਿਆ ਜਾਵੇ ਕਿ ਉਨ੍ਹਾਂ ਨੇ ਇਹ ਬੀਜ ਕਿਵੇਂ ਖਰੀਦੇ। ਇਸ ਸਬੰਧੀ ਮੁੱਖ ਖੇਤੀਬਾੜੀ ਅਫਸਰ ਲੁਧਿਆਣਾ ਦੇ ਡਾਕਟਰ ਨਰਿੰਦਰ ਪਾਲ ਸਿੰਘ ਵੈਨੀਪਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਜ ਘਪਲੇ ਵਿਚ ਗ੍ਰਿਫਤਾਰ ਕੀਤੇ ਗਏ ਮੁੱਖ ਦੋਸ਼ੀ ਬਰਾੜ ਸੀਡਸ ਲੁਧਿਆਣਾ ਦੇ ਮਾਲਿਕ ਤੋਂ ਪੰਜ ਬਿੱਲ ਮਿਲੇ ਹਨ, ਜੋਕਿ ਚਾਰ ਮਈ 2020 ਨੂੰ ਜਾਰੀ ਕੀਤੇ ਗਏ ਸਨ।
ਇਨ੍ਹਾਂ ਬਿੱਲਾਂ ਤੋਂ ਪਤਾ ਲੱਗਦਾ ਹੈ ਕਿ ਬਰਾੜ ਸੀਡਸ ਵੱਲੋਂ ਪੀਏਯੂ ਦੇ ਲਾਡੋਵਾਲ ਸੀਡਸ ਫਾਰਮ ਹਾਊਸ ਤੋਂ ਚਾਰ ਕੁਇੰਟਲ ਬੀਜ ਖਰੀਦਿਆ ਹੈ। ਇਸ ਵਿਚ ਪ੍ਰਤੀ ਕਿਲੋ 70 ਰੁਪਏ ਦੇ ਹਿਸਾਬ ਨਾਲ ਬਿੱਲ ਵਿਚ ਬੀਜ ਵੇਚਿਆ ਦਿਖਾਇਆ ਗਿਆ ਹੈ। ਇਨ੍ਹਾਂ ਬਿੱਲਾਂ ਨੂੰ ਦੋਸ਼ੀ ਦੇ ਖਿਲਾਫ ਦਜ ਕੀਤੀ ਗਈ ਐਫਆਈਰ ਵਿਚ ਵੀ ਦਿਖਾਇਆ ਗਿਆ ਹੈ। ਇਸ ਨਵੇਂ ਖੁਲਾਸੇ ਤੋਂ ਬਾਅਦ ਸ਼ੱਕ ਦੀ ਸੂਈ ਹੁਣ ਪੀਏਯੂ ਵੱਲ ਮੁੜ ਗਈ ਹੈ ਕਿ ਜਿਹੜਾ ਬੀਜ ਆਮ ਕਿਸਾਨਾਂ ਤੱਕ ਨਹੀਂ ਪਹੁੰਚਿਆ, ਉਸ ਬੀਜ ਨੂੰ ਪੀਏਯੂ ਨੇ ਬਰਾੜ ਸੀਡ ਨੂੰ ਕਿਵੇਂ ਵੇਚ ਦਿੱਤਾ।