Captain demands review : ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਕੇਂਦਰ ਸਰਕਾਰ ਨੂੰ ਸੂਬਿਆਂ ਨੂੰ ਕੋਵਿਡ ਵੈਕਸੀਨੇਸ਼ਨ ਨੂੰ ਲੈ ਕੇ ਸਥਾਨਕ ਪੱਧਰ ‘ਤੇ ਆਪਣੇ ਖੁਦ ਦੀਆਂ ਰਣਨੀਤੀਆਂ ਦੀ ਖੁੱਲ੍ਹ ਦੇਣ ਦੀ ਅਪੀਲ ਕੀਤੀ ਜੋ ਕਿ ਕੇਂਦਰ ਵੱਲੋਂ ਇਸ ਸਬੰਧੀ ਅਪਣਾਏ ਜਾ ਰਹੇ ਮਾਪਦੰਡਾਂ ਦਾ ਹੀ ਹਿੱਸਾ ਹੋਵੇਗਾ। ਉਨ੍ਹਾਂ ਕੇਂਦਰ ਸਰਕਾਰ ਨੂੰ ਆਪਣੀ ਰਣਨੀਤੀ ਦੀ ਮੁੜ ਸਮੀਖਿਆ ਕਰਨ ਲਈ ਕਹਿੰਦੇ ਹੋਏ ਜ਼ਿਆਦਾ ਖਤਰੇ ਵਾਲੇ ਇਲਾਕਿਆਂ ਵਿੱਚ ਸਾਰੇ ਬਾਲਗਾਂ ਅਤੇ 45 ਸਾਲਾਂ ਤੋਂ ਘੱਟ ਉਮਰ ਦੇ ਲਿਵਰ ਤੇ ਕਿਡਨੀ ਦੀ ਬਿਮਾਰੀ ਤੋਂ ਪੀੜਤ ਮਰੀਜ਼ਾਂ ਨੂੰ ਵੀ ਟੀਕਾਕਰਨ ਤਹਿਤ ਲਿਆਉਣ ਦੀ ਮੰਗ ਕੀਤੀ।
ਕੈਪਟਨ ਅਮਰਿੰਦਰ ਸਿੰਘ ਨੇ ਇਹ ਸੁਝਾਅ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਰਚੁਅਲ ਮੀਟਿੰਗ ਤੋਂ ਤੁਰੰਤ ਬਾਅਦ ਲਿਖੇ ਗਏ ਇਕ ਪੱਤਰ ਵਿੱਚ ਪ੍ਰਗਟ ਕੀਤੇ। ਇਹ ਮੀਟਿੰਗ ਸਮੂਹ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਕੋਵਿਡ ਅਤੇ ਟੀਕਾਕਰਨ ਦੀ ਸਥਿਤੀ ਦੀ ਸਮੀਖਿਆ ਕਰਨ ਲਈ ਕੀਤੀ ਗਈ ਸੀ। ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਸੂਬੇ ਵਿਚਲੀ ਸਥਿਤੀ ਤੋਂ ਜਾਣੂ ਕਰਵਾਇਆ ਅਤੇ ਸੂਬਾ ਸਰਕਾਰ ਵੱਲੋਂ ਇਸ ਬਿਮਾਰੀ ਨੂੰ ਨੱਥ ਪਾਉਣ ਲਈ ਚੁੱਕੇ ਜਾ ਰਹੇ ਕਦਮਾਂ ਬਾਰੇ ਵੀ ਦੱਸਿਆ। ਮੀਟਿੰਗ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਹਾਜ਼ਰ ਰਹੇ ਜਿਸ ਦੌਰਾਨ ਮੁੱਖ ਮੰਤਰੀ ਨੇ ਕੇਂਦਰ ਸਰਕਾਰ ਨੂੰ ਸੂਬਾ ਸਰਕਾਰ ਵੱਲੋਂ ਕੋਵਿਡ ਦੀ ਰੋਕਥਾਮ ਲਈ ਹਰ ਸੰਭਵ ਅਤੇ ਪੁਰਜ਼ੋਰ ਕੋਸ਼ਿਸ਼ ਕੀਤੇ ਜਾਣ ਬਾਰੇ ਭਰੋਸਾ ਦਿੱਤਾ। ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਸੂਬੇ ਵਿੱਚ ਕੋਵਿਡ ਦੀ ਦੂਜੀ ਲਹਿਰ ਦੌਰਾਨ ਯੂ.ਕੇ. ਦਾ ਵਾਇਰਸ ਭਾਰੂ ਪੈ ਰਿਹਾ ਹੈ ਅਤੇ ਮਾਹਿਰਾਂ ਦੀਆਂ ਰਿਪੋਰਟਾਂ ਅਨੁਸਾਰ ਇਹ ਬਹੁਤ ਹੀ ਖਤਰਨਾਕ ਅਤੇ ਖਾਸ ਕਰਕੇ ਨੌਜਵਾਨਾਂ ਦੀ ਸਿਹਤ ‘ਤੇ ਮਾਰੂ ਪ੍ਰਭਾਵ ਪਾਉਣ ਵਾਲਾ ਹੈ। ਬਾਅਦ ਵਿੱਚ ਲਿਖੇ ਆਪਣੇ ਪੱਤਰ ਜਿਸ ਦੇ ਕੁਝ ਸੁਝਾਅ 17 ਮਾਰਚ ਨੂੰ ਪ੍ਰਧਾਨ ਮੰਤਰੀ, ਕੇਂਦਰੀ ਮੰਤਰੀ ਅਤੇ ਕੇਂਦਰੀ ਸਿਹਤ ਮੰਤਰੀ ਨੂੰ ਸੌਂਪੇ ਪੱਤਰ ਦਾ ਵੀ ਹਿੱਸਾ ਸਨ, ਵਿੱਚ ਮੁੱਖ ਮੰਤਰੀ ਦੇ ਸੁਝਾਅ ਸੂਬਾ ਸਰਕਾਰ ਦੀ ਅਜ਼ਾਦਾਨਾਂ ਮਾਹਿਰਾਂ ਨਾਲ ਕੀਤੀ ਚਰਚਾ ਉਤੇ ਆਧਾਰਿਤ ਸੀ। ਕੁਝ ਸੂਬਿਆਂ ਵਿੱਚ ਟੀਕਾਕਰਨ ਦੀ ਘਾਟ ਦਾ ਸਾਹਮਣਾ ਦੀਆਂ ਰਿਪੋਰਟਾਂ ਦੇ ਚੱਲਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਨੂੰ ਪੁਸ਼ਟੀ ਕੀਤੀ ਸਪਲਾਈ ਆਰਡਰਜ਼ ਦੇ ਆਧਾਰ ‘ਤੇ ਸੂਬਿਆਂ ਨਾਲ ਅਗਲੀ ਤਿਮਾਹੀ ਵਿੱਚ ਟੀਕਕਾਰਨ ਦੀ ਸਪਲਾਈ ਦਾ ਪ੍ਰੋਗਰਾਮ ਸਾਂਝਾ ਕਰਨ ਦੀ ਅਪੀਲ ਕੀਤੀ।
ਕੇਂਦਰੀ ਲੈਬਾਰਟਰੀਆਂ ਦੀਆਂ ਪਹਿਲੀਆਂ ਰਿਪੋਰਟਾਂ ਅਨੁਸਾਰ ਪੰਜਾਬ ਵਿੱਚ ਪਾਏ ਜਾਂਦੇ ਪਾਜ਼ੇਟਿਵ ਕੇਸਾਂ ਵਿੱਚੋਂ 80 ਫੀਸਦੀ ਤੋਂ ਵੱਧ ਯੂ.ਕੇ. ਸਟਰੇਨ ਨਾਲ ਸਬੰਧਤ ਹੋਣ ਬਾਰੇ ਦੱਸਦਿਆਂ ਮੁੱਖ ਮੰਤਰੀ ਨੇ ਸੂਬੇ ਵਿੱਚ ਵਾਇਰਲ ਲੜੀ ਨੂੰ ਮਜ਼ਬੂਤ ਕਰਨ ਲਈ ਕਿਹਾ। ਪਿਛਲੇ 15 ਦਿਨਾਂ ਤੋਂ 8 ਫੀਸਦੀ ਪਾਜ਼ੇਟਿਵਟੀ ਦਰ ਨਾਲ ਰੋਜ਼ਾਨਾ 3000 ਕੇਸ ਰਿਪੋਰਟ ਹੋ ਰਹੇ ਹਨ। ਸੂਬੇ ਵਿੱਚ ਮੌਜੂਦਾ ਸਮੇਂ 26000 ਦੇ ਕਰੀਬ ਐਕਟਿਵ ਕੇਸ ਹਨ ਅਤੇ ਰਿਕਵਰੀ ਦਰ 87.3 ਫੀਸਦੀ ਹੈ। ਦੂਜੇ ਸਿਖਰ ਵਿੱਚ ਰੋਜ਼ਾਨਾ ਮ੍ਰਿਤਕਾਂ ਦੀ ਗਿਣਤੀ 50 ਤੋਂ 60 ਹੈ ਜੋ ਕਿ 2 ਫੀਸਦੀ ਮੌਤ ਦਰ ਦੇ ਕਰੀਬ ਹੈ। ਦੂਜਾ ਸਿਖਰ ਸੂਬੇ ਵਿੱਚ ਇਸ ਸਾਲ ਫਰਵਰੀ ਦੇ ਅੱਧ ਤੋਂ ਬਾਅਦ ਸ਼ੁਰੂ ਹੋਇਆ। ਮੁੱਖ ਮੰਤਰੀ ਨੇ ਆਪਣੀ ਅਪੀਲ ਨੂੰ ਦੁਹਰਾਉਂਦਿਆਂ ਕਿਹਾ ਕਿ ਸਾਰੀਆਂ ਵਿਦਿਅਕ ਸੰਸਥਾਵਾਂ ਦੇ ਸਾਰੇ ਅਧਿਆਪਕਾਂ ਤੇ ਸਟਾਫ ਨੂੰ ਟੀਕਾਕਰਨ ਵਿੱਚ ਕਵਰ ਕੀਤਾ ਜਾਵੇ ਤਾਂ ਜੋ ਕੋਵਿਡ ਦੇ ਸਿਖਰ ਦੇ ਖਾਤਮੇ ਤੋਂ ਬਾਅਦ ਫਿਜੀਕਲ ਕਲਾਸਾਂ ਮੁੜ ਸ਼ੁਰੂ ਕਰਨ ਦੇ ਯੋਗ ਬਣਾਇਆ ਜਾ ਸਕੇ। ਉਨ੍ਹਾਂ ਜੱਜਾਂ ਤੇ ਜੁਡੀਸ਼ਲ ਅਫਸਰਾਂ, ਬੱਸਾਂ ਤੇ ਕੰਡਕਟਰਾਂ, ਸਾਰੇ ਪੱਧਰ ਦੇ ਚੁਣੇ ਹੋਏ ਨੁਮਾਇੰਦਿਆਂ ਆਦਿ ਨੂੰ ਕਿੱਤਾ ਆਧਾਰਿਤ ਟੀਕਾਕਰਨ ਲਈ ਆਗਿਆ ਦੇਣ ਉਤੇ ਵੀ ਜ਼ੋਰ ਦਿੱਤਾ। ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਕੋਲ ਆਈਸਰ, ਇੰਮਟੈਕ, ਏਮਜ਼ ਬਠਿੰਡਾ ਤੇ ਪੀ.ਜੀ.ਆਈ. ਚੰਡੀਗੜ੍ਹ ਜਿਹੀਆਂ ਕੇਂਦਰੀ ਸੰਸਥਾਵਾਂ ਨੂੰ ਪੰਜਾਬ ਤੋਂ ਆਰ.ਟੀ.-ਪੀ.ਸੀ.ਆਰ. ਟੈਸਟਿੰਗ ਵਧਾਉਣ ਲਈ ਨਿਰਦੇਸ਼ ਦੇਣ ਦੀ ਅਪੀਲ ਵੀ ਕੀਤੀ। ਇਸ ਤੋਂ ਇਲਾਵਾ ਪੀ.ਜੀ.ਆਈ. ਚੰਡੀਗੜ੍ਹ ਨੂੰ ਕਹਿਣਾ ਚਾਹੀਦਾ ਹੈ ਕਿ ਸੂਬੇ ਵੱਲੋਂ ਰੈਫਰ ਕੀਤੇ ਮਰੀਜ਼ਾਂ ਲਈ ਘੱਟੋ-ਘੱਟ 50 ਕੋਵਿਡ ਬੈਡ ਤੈਅਸ਼ੁਦਾ ਕੀਤੇ ਜਾਣ।