Captain expressed his grief over the : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੱਦਾਖ ਦੀ ਗਲਵਾਨ ਘਾਟੀ ਵਿਖੇ ਸ਼ਹੀਦ ਹੋਏ ਭਾਰਤੀ ਫ਼ੌਜ ਦੇ ਸ਼ਹੀਦ ਨਾਇਬ ਸੂਬੇਦਾਰ ਮਨਦੀਪ ਸਿੰਘ ਦੇ ਪਰਿਵਾਰ ਨਾਲ ਫ਼ੋਨ ‘ਤੇ ਵੀਡੀਉ ਕਾਲ ਰਾਹੀਂ ਦੁੱਖ ਸਾਂਝਾ ਕਰਦਿਆਂ ਉਨ੍ਹਾਂ ਨੂੰ ਹੌਂਸਲਾ ਦਿੱਤਾ ਤੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਉਹ ਕਿਸੇ ਗੱਲ ਦੀ ਫਿਕਰ ਨਾ ਕਰਨ ਪੰਜਾਬ ਸਰਕਾਰ ਉਨ੍ਹਾਂ ਦੇ ਨਾਲ ਹੈ। ਮੁੱਖ ਮੰਤਰੀ ਨੇ ਕਿਹਾ ਸ਼ਹੀਦ ਮਨਦੀਪ ਸਿੰਘ ਦੀ ਸ਼ਹਾਦਤ ‘ਤੇ ਪੂਰੇ ਦੇਸ਼ ਨੂੰ ਮਾਣ ਹੈ। ਕੈਪਟਨ ਅਮਰਿੰਦਰ ਸਿੰਘ ਨੇ ਸ਼ਹੀਦ ਦੀ ਮਾਤਾ ਸ੍ਰੀਮਤੀ ਸ਼ੰਕੁਤਲਾ ਕੌਰ ਨਾਲ ਅਫ਼ੋਸਸ ਪ੍ਰਗਟਾਉਂਦਿਆਂ ਕਿਹਾ ਕਿ ਸ਼ਹੀਦ ਮਨਦੀਪ ਸਿੰਘ ਦੀ ਰੈਜੀਮੈਟ ‘ਥਰਡ ਮੀਡੀਅਮ ਆਰਟਲਰੀ’ ਹਿੰਦੁਸਤਾਨ ਦੀ ਇਕ ਨੰਬਰ ਪਲਟਨ ਹੈ ਅਤੇ ਅਜਿਹੀ ਪਲਟਨ ‘ਚ ਮਨਦੀਪ ਸਿੰਘ ਦਾ ਨਾਇਬ ਸੂਬੇਦਾਰ ਦੇ ਅਹੁਦੇ ਤਕ ਪੁੱਜਣਾ ਵੱਡੀ ਗੱਲ ਸੀ।
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਫ਼ਖਰ ਹੈ ਕਿ ਸ਼ਹੀਦ ਮਨਦੀਪ ਸਿੰਘ ਨੇ ਆਪਣੀ ਹਿੰਮਤ, ਦਲੇਰੀ ਅਤੇ ਮਿਹਨਤ ਨਾਲ ਪਲਟਨ ‘ਚ ਬਹੁਤ ਨਾਮ ਕਮਾਇਆ ਸੀ ਅਤੇ ਉਹ ਇਕ ਬਹੁਤ ਹੀ ਵਧੀਆ ਅਫ਼ਸਰ ਸੀ। ਸ਼ਹੀਦ ਦੀ ਪਤਨੀ ਸ੍ਰੀਮਤੀ ਗੁਰਦੀਪ ਕੌਰ ਨੇ ਅਪਣੇ ਪਤੀ ਦੀ ਬਹਾਦਰੀ ਬਾਰੇ ਦਸਦਿਆਂ ਕਿਹਾ ਕਿ ਉਨ੍ਹਾਂ ਨੇ ਨਿਹੱਥੇ ਹੋਣ ਦੇ ਬਾਵਜੂਦ ਦੁਸ਼ਮਣ ਦੀ ਫ਼ੌਜ ਦਾ ਡੱਟ ਕੇ ਟਾਕਰਾ ਕੀਤਾ, ਇਸ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਫ਼ੌਜ ਤੋਂ ਪਤਾ ਲੱਗਿਆ ਹੈ ਕਿ ਸ਼ਹੀਦ ਮਨਦੀਪ ਸਿੰਘ ਨੇ ਬਹੁਤ ਹੀ ਦਲੇਰੀ ਦਿਖਾਈ ਅਤੇ ਸ਼ਹਾਦਤ ਦਾ ਜਾਮ ਪੀਤਾ। ਸ੍ਰੀਮਤੀ ਗੁਰਦੀਪ ਕੌਰ ਵਲੋਂ ਅਪਣੇ ਬੱਚਿਆਂ ਦੀ ਪੜ੍ਹਾਈ ਸਬੰਧੀ ਫ਼ਿਕਰ ਦਾ ਇਜ਼ਹਾਰ ਕਰਨ ‘ਤੇ ਮੁੱਖ ਮੰਤਰੀ ਨੇ ਸ਼ਹੀਦ ਦੀ ਪਤਨੀ ਸਮੇਤ ਪੂਰੇ ਪਰਿਵਾਰ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਇਸ ਦੁੱਖ ਦੀ ਘੜੀ ‘ਚ ਸ਼ਹੀਦ ਦੇ ਪਰਿਵਾਰ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ, ਇਸ ਲਈ ਸ਼ਹੀਦ ਦਾ ਪਰਿਵਾਰ ਕਿਸੇ ਵੀ ਗੱਲ ਦੀ ਕੋਈ ਚਿੰਤਾ ਜਾਂ ਫ਼ਿਕਰ ਨਾ ਕਰੇ।
ਕੈਪਟਨ ਅਮਰਿੰਦਰ ਸਿੰਘ ਨੇ ਸ਼ਹੀਦ ਦੀ ਪਤਨੀ ਵਲੋਂ ਅਪਣੀ ਯੋਗਤਾ ਐਮ.ਏ. ਇਤਿਹਾਸ ਦੱਸਣ ‘ਤੇ ਕਿਹਾ ਕਿ ਉਹ ਕਿਸੇ ਵੀ ਪ੍ਰਕਾਰ ਦੀ ਚਿੰਤਾ ਨਾ ਕਰੇ ਕਿਉਂਕਿ ਪੰਜਾਬ ਸਰਕਾਰ ਉਨ੍ਹਾਂ ਨੂੰ ਨੌਕਰੀ ਤਾਂ ਜ਼ਰੂਰ ਦੇਵੇਗੀ ਹੀ ਸਗੋਂ ਜੇਕਰ ਕੋਈ ਹੋਰ ਮੁਸ਼ਕਲ ਹੋਵੇ ਤਾਂ ਉਸ ਲਈ ਵੀ ਸਰਕਾਰ ਉਨ੍ਹਾਂ ਦੇ ਨਾਲ ਹਰ ਪੱਖੋਂ ਸਹਿਯੋਗ ਕਰੇਗੀ। ਦੱਸਣਯੋਗ ਹੈ ਕਿ ਸ਼ਹੀਦ ਮਨਦੀਪ ਸਿੰਘ ਦੇ ਪਰਿਵਾਰ ਨਾਲ ਇਹ ਵੀਡੀਉ ਕਾਲ ਹਲਕਾ ਘਨੌਰ ਦੇ ਵਿਧਾਇਕ ਸ੍ਰੀ ਮਦਨ ਲਾਲ ਜਲਾਲਪੁਰ ਨੇ ਪਿੰਡ ਸੀਲ ਵਿਖੇ ਪਰਿਵਾਰ ਕੋਲ ਜਾ ਕੇ ਕਰਵਾਈ। ਇਸ ਮੌਕੇ ਸ਼ਹੀਦ ਦੀ ਬੇਟੀ ਮਹਿਮਕਪ੍ਰੀਤ ਕੌਰ ਅਤੇ ਬੇਟਾ ਜੋਬਨਪ੍ਰੀਤ ਸਿੰਘ ਵੀ ਮੌਜੂਦ ਸਨ।