Captain expresses grief over Kerala : ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਰਲ ਦੇ ਕੋਝੀਕੋਡ ਵਿਚ ਵਾਪਰੇ ਵੱਡੇ ਜਹਾਜ਼ ਹਾਦਸੇ, ਜਿਸ ਵਿਚ 18 ਮੌਤਾਂ ਤੇ ਵੱਡੀ ਗਿਣਤੀ ’ਚ ਲੋਕ ਜ਼ਖਮੀ ਹੋਏ ਹਨ, ’ਤੇ ਅਫਸੋਸ ਪ੍ਰਗਟਾਇਆ ਹੈ। ਮੁੱਖ ਮੰਤਰੀ ਨੇ ਦੁੱਖ ਪ੍ਰਗਟਾਉਂਦਿਆਂ ਜ਼ਖਮੀ ਲੋਕਾਂ ਦੀ ਤੰਦਰੁਸਤੀ ਲਈ ਅਰਦਾਸ ਕੀਤੀ ਹੈ ਅਤੇ ਪਾਇਲਟ ਵਿੰਗ ਕਮਾਂਡਰ ਦੀ ਸ਼ਹਾਦਤ ਨੂੰ ਸਲਾਮ ਕੀਤਾ ਹੈ।
ਉਨ੍ਹਾਂ ਫੇਸਬੁੱਕ ’ਤੇ ਇਕ ਪੋਸਟ ਵਿਚ ਲਿਖਿਆ, ’’ਕੇਰਲ ਦੇ ਕੋਝੀਕੋਡ ਦੇ ਹਵਾਈ ਅੱਡੇ ’ਤੇ ਜਹਾਜ਼ ਦੇ ਹਾਦਸਾਗ੍ਰਸਤ ਹੋ ਜਾਣ ਦਾ ਬੇਹੱਦ ਦੁੱਖ ਹੈ ਜਿਸ ਵਿਚ ਪਾਇਲਟ ਸਮੇਤ ਕਈ ਲੋਕ ਆਪਣੀ ਜਾਨ ਗੁਆ ਬੈਠੇ। ਜ਼ਖਮੀ ਹੋਏ ਲੋਕਾਂ ਦੀ ਜਲਦੀ ਤੰਦਰੁਸਤੀ ਦੀ ਮੈਂ ਅਰਦਾਸ ਕਰਦਾ ਹਾਂ ਤੇ ਮੈਂ ਪਾਇਲਟ ਵਿੰਗ ਕਮਾਂਡਰ ਦੀਪਕ ਸਾਥੇ ਜੀ ਦੀ ਕੁਰਬਾਨੀ ਨੂੰ ਸਲਾਮ ਕਰਦਾ ਹਾਂ ਜਿਨ੍ਹਾਂ ਨੇ ਸਮੇਂ ’ਤੇ ਇੰਜਣ ਨੂੰ ਬੰਦ ਕਰਕੇ ਕਈ ਲੋਕਾਂ ਦੀ ਜਾਨ ਬਚਾਈ।’’
ਦੱਸਣਯੋਗ ਹੈ ਕਿ ਬੀਤੀ ਸ਼ਾਮ ਦੁਬਈ ਤੋਂ ਕੇਰਲ ਜਾ ਰਹੀ ਏਅਰ ਇੰਡੀਆ ਐਕਸਪ੍ਰੈੱਸ ਜਹਾਜ਼ ਕੋਝੀਕੋਡ ‘ਚ ਉੱਤਰਦੇ ਸਮੇਂ ਰਨਵੇ ‘ਤੇ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਕਾਰਨ ਜਹਾਜ਼ ਦੇ ਦੋ ਹਿੱਸੇ ਹੋ ਗਏ ਹਨ।ਇਸ ਹਾਦਸੇ ਵਿਚ ਦੋ ਪਾਇਲਟਾਂ ਸਮੇਤ 18 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ ਅਤੇ 127 ਯਾਤਰੀ ਜ਼ਖਮੀ ਹਨ, ਜਿਨ੍ਹਾਂ ‘ਚੋਂ 15 ਯਾਤਰੀ ਗੰਭੀਰ ਰੂਪ ਨਾਲ ਜ਼ਖਮੀ ਹਨ।