Captain seeks help from Radha Swami : ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੀ ਕੋਵਿਡ ਵਿਰੁੱਧ ਲੜਾਈ ਵਿਚ ਰਾਧਾ ਸੁਆਮੀ ਸਤਿਸੰਗ ਘਰ ਬਿਆਸ ਤੋਂ ਸਹਾਇਤਾ ਦੀ ਮੰਗ ਕੀਤੀ ਹੈ, ਜਦਕਿ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਇਸ ਸੰਬੰਧ ਵਿਚ ਸਤਿਸੰਗ ਘਰ ਦੀਆਂ ਵੱਖ-ਵੱਖ ਸ਼ਾਖਾਵਾਂ ਵਿਚ ਅਧਿਕਾਰਤ ਨੁਮਾਇੰਦਿਆਂ ਨਾਲ ਨੇੜਿਓ ਤਾਲਮੇਲ ਕਰਨ ਦਾ ਨਿਰਦੇਸ਼ ਦਿੱਤਾ ਹੈ।
ਸਤਿਸੰਗ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੂੰ ਲਿਖੇ ਇੱਕ ਪੱਤਰ ਵਿੱਚ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੋਵਿਡ ਮਰੀਜ਼ਾਂ ਦੇ ਇਲਾਜ ਲਈ ਸਤਿਸੰਗ ਘਰ ਦੀਆਂ ਸਾਰੀਆਂ ਸ਼ਾਖਾਵਾਂ ਉਪਲਬਧ ਕਰਾਉਣ। ਇਸ ਮਕਸਦ ਨਾਲ ਸੇਵਾਦਾਰਾਂ ਦੀ ਨਿਯੁਕਤੀ ਕੀਤੀ ਗਈ ਹੈ। ਉਨ੍ਹਾਂ ਢਿੱਲੋਂ ਨੂੰ ਅਪੀਲ ਕੀਤੀ ਕਿ ਉਹ ਸੂਬੇ ਭਰ ਦੇ ਕੋਵਿਡ ਪ੍ਰਭਾਵਿਤ ਵਿਅਕਤੀਆਂ ਲਈ ਦਵਾਈਆਂ ਅਤੇ ਹੋਰ ਰਾਹਤ ਸਮੱਗਰੀ ਦੇ ਰੂਪ ਵਿਚ ਸਹਾਇਤਾ ਦੇਣ।
ਮੁੱਖ ਮੰਤਰੀ ਨੇ ਕਿਹਾ ਕਿ ਬੇਸ਼ੱਕ ਰਾਜ ਸਰਕਾਰ ਕੋਵਿਡ ਦੇ ਮਰੀਜ਼ਾਂ ਦੀ ਬਿਹਤਰ ਸੰਭਵ ਡਾਕਟਰੀ ਦੇਖਭਾਲ ਨੂੰ ਯਕੀਨੀ ਬਣਾਉਣ ਲਈ ‘ਮਿਸ਼ਨ ਫਤਿਹ’ ਦੇ ਹਿੱਸੇ ਵਜੋਂ ਠੋਸ ਉਪਰਾਲੇ ਕਰ ਰਹੀ ਹੈ, ਪਰ ਲਗਾਤਾਰ ਵੱਧ ਰਹੇ ਮਾਮਲਿਆਂ ਵਿੱਚ ਧਾਰਮਿਕ ਸੰਸਥਾਵਾਂ, ਗੈਰ-ਸਰਕਾਰੀ ਸੰਗਠਨਾਂ ਅਤੇ ਹੋਰ ਅਜਿਹੀਆਂ ਸੰਸਥਾਵਾਂ ਵੱਲੋਂ ਲਗਾਤਾਰ ਸਹਾਇਤਾ ਦੀ ਮੰਗ ਕੀਤੀ ਗਈ।
ਪਿਛਲੇ ਸਾਲ ਕੋਵਿਡ ਖ਼ਿਲਾਫ਼ ਰਾਜ ਦੀ ਲੜਾਈ ਵਿੱਚ ਰਾਧਾ ਸੁਆਮੀ ਸਤਿਸੰਗ ਘਰ ਬਿਆਸ ਦੇ ਸੇਵਾਦਾਰਾਂ ਦੀ ਸੇਵਾ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਨੇ ਸਥਿਤੀ ਨੂੰ ਸਥਿਰ ਕਰਨ ਵਿੱਚ ਕਾਫੀ ਸਹਾਇਤਾ ਕੀਤੀ ਸੀ। ਮੁੱਖ ਮੰਤਰੀ ਨੇ ਕਿਹਾ ਕਿ ਮਹਾਮਾਰੀ ਇਸ ਸਾਲ ਹੋਰ ਵੀ ਭਿਆਨਕ ਅਤੇ ਜਾਨਲੇਵਾ ਖਤਰਨਾਕ ਸੀ। ਇਸ ਲਈ ਇਸ ਨਾਲ ਨਜਿੱਠਣ ਲਈ ਸਤਿਸੰਗ ਘਰ ਤੋਂ ਸਹਾਇਤਾ ਦੀ ਮੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਅਗਲੀ ਲਹਿਰ ਹੋਰ ਵੀ ਖ਼ਤਰਨਾਕ ਹੋਵੇਗੀ, ਇਸ ਨਾਲ ਨਜਿੱਠਣ ਲਈ ਤੇ ‘ਮਿਸ਼ਨ ਫਤਿਹ’ ਦੀ ਸਫਲਤਾ ਨੂੰ ਯਕੀਨੀ ਬਣਾਉਣ ਲਈ ਸਾਰਿਆਂ ਦੇ ਸਮੂਹਿਕ ਯਤਨਾਂ ਦੀ ਲੋੜ ਹੈ।