ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਵੇਂ ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੂੰ ਸੂਬਾ ਪ੍ਰਧਾਨ ਬਣਾਉਣ ਨੂੰ ਲੈ ਕੇ ਹਾਈਕਮਾਨ ਦੇ ਫੈਸਲੇ ਨਾਲ ਸਹਿਮਤ ਹੋਣ ਦੀ ਗੱਲ ਕਹੀ ਹੈ ਪਰ ਕੈਪਟਨ ਅਜੇ ਵੀ ਸਿੱਧੂ ਤੋਂ ਨਾਰਾਜ਼ ਹਨ।
ਨਵੀਂ ਸਾਹਮਣੇ ਆਈ ਖਬਰ ਮੁਤਾਬਕ ਉਨ੍ਹਾਂ ਰਾਵਤ ਨੂੰ ਸਪੱਸ਼ਟ ਕੀਤਾ ਹੈ ਕਿ ਜਦੋਂ ਤੱਕ ਨਵਜੋਤ ਸਿੱਧੂ ਅਕਸ ਖਰਾਬ ਕਰਨ ਵਾਸਤੇ ਜਨਤਕ ਤੌਰ ‘ਤੇ ਮੁਆਫੀ ਨਹੀਂ ਮੰਗਦੇ, ਉਦੋਂ ਤੱਕ ਉਹ ਨਵਜੋਤ ਸਿੱਧੂ ਨੂੰ ਨਹੀਂ ਮਿਲਣਗੇ।
ਇਸ ਮਾਮਲੇ ਦਾ ਖੁਲ੍ਹਾਸਾ ਦਿੱਲੀ ਚ ਕਾਂਗਰਸ ਨੂੰ ਕਵਰ ਕਰਨ ਵਾਲੀ ਸੀਨੀਅਰ ਪੱਤਰਕਾਰ ਪੱਲਵੀ ਘੋਸ਼ ਨੇ ਕੈਪਟਨ ਤੇ ਸਿੱਧੂ ਨੂੰ ਟੈਗ ਕਰਦੇ ਟਵੀਟ ਕੀਤਾ। ਟਵੀਟ ਵਿੱਚ ਪੱਲਵੀ ਨੇ ਲਿਖਿਆ ਹੈ ਕਿ ਕੈਪਟਨ ਨੇ ਹਰੀਸ਼ ਰਾਵਤ ਅੱਗੇ ਸ਼ਰਤ ਰੱਖੀ ਹੈ ਕਿ ਉਹ ਨਵਜੋਤ ਸਿੱਧੂ ਨੂੰ ਤਾਂ ਹੀ ਮਿਲਣਗੇ ਜੇ ਉਹ ਜਾਣ-ਬੁੱਝ ਕੇ ਕੈਪਟਨ ਦੀ ਇਮੇਜ ਖ਼ਰਾਬ ਕਰਨ ਵਾਲੇ ਟਵੀਟ ਕਰਨ ਲਈ ਮੁਆਫੀ ਮੰਗਣ। ਬਾਕੀ ਪੰਜਾਬ ਕਾਂਗਰਸ ਪ੍ਰਧਾਨ ਬਣਾਉਣਾ ਸੋਨੀਆ ਗਾਂਧੀ ਦਾ ਅਧਿਕਾਰ ਹੋਵੇਗਾ।
ਇਹ ਵੀ ਪੜ੍ਹੋ : ਮੋਗਾ ਦਾ ਹਰਬੰਸ ਸਿੰਘ 100 ਸਾਲ ਦੀ ਉਮਰ ‘ਚ ਢੋਹ ਰਿਹਾ 200 ਕਿਲੋ ਭਾਰ, ਕੈਪਟਨ ਵੱਲੋਂ 5 ਲੱਖ ਦੀ ਮਦਦ ਦਾ ਐਲਾਨ
ਕੈਪਟਨ ਅਮਰਿੰਦਰ ਸਿੰਘ ਨਵਜੋਤ ਸਿੰਘ ਵੱਲੋਂ ਉਨ੍ਹਾਂ ਖਿਲਾਫ ਦਿੱਤੇ ਗਏ ਇੰਟਰਵਿਊਜ਼ ਤੋਂ ਅਜੇ ਵੀ ਨਾਰਾਜ਼ ਹਨ, ਜਿਸ ਕਰਕੇ ਉਨ੍ਹਾਂ ਨੇ ਸਿੱਧੂ ਵੱਲੋਂ ਮੁਆਫੀ ਦੀ ਸ਼ਰਤ ਰੱਖੀ ਹੈ। ਦੱਸਣਯੋਗ ਹੈ ਕਿ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨਾਰਾਜ਼ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਨਾਉਣ ਲਈ ਉਨ੍ਹਾਂ ਦੀ ਰਿਹਾਇਸ਼ ਵਿਖੇ ਪਹੁੰਚੇ ਸਨ। ਇਸ ਮੀਟਿੰਗ ਵਿੱਚ ਮੁੱਖ ਮੰਤਰੀ ਨੇ ਮੁੜ ਆਪਣੇ ਉਸ ਅਹਿਮ ਬਿਆਨ ਨੂੰ ਦੁਹਰਾਇਆ ਹੈ, ਜਿਸ ਵਿੱਚ ਉਨ੍ਹਾਂ ਕਿਹਾ ਹੈ ਕਿ ਮਾਣਯੋਗ ਕਾਂਗਰਸ ਪ੍ਰਧਾਨ ਪੰਜਾਬ ਦੇ ਵਿਸ਼ੇ ਵਿੱਚ ਪ੍ਰਧਾਨ ਦੇ ਅਹੁਦੇ ਨੂੰ ਲੈ ਕੇ ਜੋ ਵੀ ਫੈਸਲਾ ਕਰਨਗੇ ਉਹ ਮੈਨੂੰ ਮਨਜ਼ਰੂ ਹੋਵੇਗਾ, ਮੈਂ ਉਸ ਦਾ ਆਦਰ ਕਰਾਂਗਾ।