ਕੇਰਲ ਦੇ ਕੰਨੂਰ ਵਿੱਚ ਇੱਕ ਰੂਹ ਕੰਬਾਊ ਹਾਦਸਾ ਵਾਪਰ ਗਿਆ। ਇੱਕ ਕਾਰ ਵਿੱਚ ਅਚਾਨਕ ਅੱਗ ਲੱਗਣ ਨਾਲ ਉਸ ਵਿੱਚ ਸਵਾਰ ਇੱਕ ਜੋੜੇ ਦੀ ਸੜ ਕੇ ਮੌਤ ਹੋ ਗਈ। ਹਾਦਸੇ ਵਿੱਚ ਮਰਨ ਵਾਲੀ ਔਰਤ ਗਰਭਵਤੀ ਸੀ। ਹਾਦਸਾ ਇੰਨਾ ਭਿਆਨਕ ਸੀ ਕਿ ਕਿਸੇ ਨੂੰ ਵੀ ਜੋੜੇ ਦੀ ਜਾਨ ਬਚਾਉਣ ਦਾ ਮੌਕਾ ਤੱਕ ਨਹੀਂ ਮਿਲਿਆ। ਹਾਦਸਾ ਕੰਨੂਰ ਸਥਿਤ ਸਰਕਾਰੀ ਜ਼ਿਲ੍ਹਾ ਹਸਪਤਾਲ ਦੇ ਕਰੀਬ ਹੋਇਆ।
ਚਸ਼ਮਦੀਦਾਂ ਨੇ ਦੱਸਿਆ ਕਿ ਔਰਤ ਗਰਭਵਤੀ ਸੀ ਅਤੇ ਉਸ ਨੂੰ ਜਣੇਪੇ ਦੀ ਪੀੜ ਹੋਈ ਸੀ। ਔਰਤ ਦੇ ਚੈਕਅਪ ਲਈ ਉਸ ਨੂੰ ਹਸਪਤਾਲ ਵਿੱਚ ਲਿਜਾਇਆ ਜਾ ਰਿਹਾ ਸੀ, ਪਰ ਇਸ ਤੋਂ ਪਹਿਲਾਂ ਕਿ ਜੋੜਾ ਡਾਕਟਰਾਂ ਤੱਕ ਪਹੁੰਚ ਸਕਦਾ, ਕਾਰ ਵਿੱਚ ਅਚਾਨਕ ਅੱਗ ਲੱਗ ਗਈ।
ਰਿਪੋਰਟ ਮੁਤਾਬਕ ਪੁਲਿਸ ਨੇ ਦੱਸਿਆ ਕਿ ਛੇ ਲੋਕ ਕਾਰ ਵਿੱਚ ਸਵਾਰ ਸਨ। ਇੱਕ ਬੱਚੇ ਸਣੇ ਚਾਰ ਲੋਕ ਕਾਰ ਦੀ ਪਿਛਲੀ ਸੀਟ ‘ਤੇ ਬੈਠੇ ਸਨ। ਕਾਰ ਵਿੱਚ ਜਦੋਂ ਅੱਗ ਲੱਗੀ ਤਾਂ ਪਿੱਛੇ ਬੈਠੇ ਪਰਿਵਾਰ ਵਾਲੇ ਤਾਂ ਬਾਹਰ ਨਿਕਲਣ ਵਿੱਚ ਸਫਲ ਹੋ ਗਏ। ਪੁਲਿਸ ਨੇ ਦੱਸਿਆ ਕਿ ਪਰਿਵਾਰ ਵਾਲਿਆਂ ਨੂੰ ਹਸਪਤਾਲ ਵਿੱਚ ਭੇਜਿਆ ਗਿਆ ਹੈ।
ਕੰਨੂਰ ਸਿਟੀ ਪੁਲਿਸ ਕਮਿਸ਼ਨਰ ਅਜੀਤ ਕੁਮਾਰ ਨੇ ਘਟਨਾ ਵਾਲੀ ਥਾਂ ਦਾ ਦੌਰਾ ਕਰਨ ਤੋਂ ਬਾਅਦ ਮੀਡੀਆ ਨੂੰ ਦਸਿਆ, ‘ਪਰਿਵਾਰ ਵਾਲੇ ਜ਼ਖਮੀ ਨਹੀਂ ਹਨ, ਉਹ ਹਸਪਤਾਲ ਵਿੱਚ ਹਨ ਉਨ੍ਹਾਂ ਦੀ ਜਾਂਚ ਹੋ ਰਹੀ ਹੈ।’
ਇਹ ਵੀ ਪੜ੍ਹੋ : ਅਡਾਨੀ ਗਰੁੱਪ ਨੂੰ ਲੱਗਾ ਇੱਕ ਹੋਰ ਤਕੜਾ ਝਟਕਾ, ਹੁਣ ਅਮਰੀਕਾ ਤੋਂ ਆਈ ਮਾੜੀ ਖ਼ਬਰ
ਪੁਲਿਸ ਅਧਿਕਾਰੀ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਪੀੜਤ ਫਰੰਟ ਦੇ ਦਰਵਾਜ਼ੇ ਨਹੀਂ ਖੋਲ੍ਹ ਸਕੇ ਅਤੇ ਬਲਦੀ ਹੋਈ ਕਾਰ ਵਿੱਚ ਫਸ ਗਏ। ਇੱਕ ਚਸ਼ਮਦੀਦ ਨੇ ਕਿਹਾ ਕਿ ਹਾਦਸਾ ਉਸ ਵੇਲੇ ਹੋਇਆ ਜਦੋਂ ਕੁੱਟਯਾਟੂਰ ਵਿੱਚ ਰਹਿਣ ਵਾਲੇ 35 ਅਤੇ 26 ਸਾਲਾਂ ਜੋੜਾ ਚੈਕਅਪ ਲਈ ਜ਼ਿਲ੍ਹਾ ਹਸਪਤਾਲ ਜਾ ਰਹੇ ਸਨ। ਕੁਝ ਸਥਾਨਕ ਲੋਕਾਂ ਨੇ ਦੱਸਿਆ ਕਿ ਜਿਸ ਔਰਤ ਦੀ ਮੌਤ ਹੋਈ ਉਹ ਗਰਭਵਤੀ ਸੀ। ਉਨ੍ਹਾਂ ਨੇ ਕਾਰ ਦਾ ਫਰੰਟ ਵਾਲਾ ਦਰਵਾਜ਼ਾ ਖੋਲ੍ਹ ਕੇ ਜੁੜੇ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਨਾਕਾਮ ਰਹੇ।
ਇੱਕ ਅੱਖੀਂ ਵੇਖਣ ਵਾਲੇ ਨੇ ਦੱਸਿਆ ਕਿ ਅਸੀਂ ਉਸ ਵੇਲੇ ਬਿਲਕੁਲ ਬੇਵੱਸ ਹੋ ਗਏ ਕਿਉਂਕਿ ਕਾਰ ਦੀ ਫਰੰਟ ਸਾਈਡ ‘ਤੇ ਅੱਗ ਇਕਦਮ ਭੜਕ ਗਈ। ਅਸੀਂ ਉਨ੍ਹਾਂ ਨੂੰ ਬਚਾਉਣ ਲਈ ਜ਼ਿਆਦਾ ਕੁਝ ਨਹੀਂ ਕਰ ਸਕੇ, ਸਾਨੂੰ ਡਰ ਸੀ ਕਿ ਕਿਸੇ ਵੀ ਵੇਲੇ ਕਾਰ ਦੀ ਤੇਲ ਦੀ ਟੈਂਕੀ ਵਿੱਚ ਧਮਾਕਾ ਨਾ ਹੋ ਜਾਏ।
ਔਰਤ ਗਰਭਵਤੀ ਸੀ ਜਾਂ ਨਹੀਂ, ਪੁਲਿਸ ਨੇ ਇਸ ਬਾਰੇ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ। ਪੁਲਿਸ ਨੇ ਕਿਹਾ ਕਿ ਡਾਕਟਰਾਂ ਵੱਲੋਂ ਪ੍ਰੀਖਣ ਕਰਨ ਤੋਂ ਬਾਅਦ ਹੀ ਅਸੀਂ ਇਸ ਬਾਰੇ ਕੁਝ ਦੱਸ ਸਕਾਂਗੇ।
ਕਾਰ ਵਿੱਚ ਅੱਗ ਕਿਸ ਕਾਰਨ ਲੱਗੀ, ਇਸ ਬਾਰੇ ਪੁੱਛਣ ‘ਤੇ ਪੁਲਿਸ ਨੇ ਕਿਹਾ ਕਿ ਤਕਨੀਕੀ ਮਾਹਰਾਂ ਵੱਲੋਂ ਜਾਂਚ ਮਗਰੋਂ ਕਾਰਨ ਸਾਹਮਣੇ ਆਏਗਾ। ਪੁਲਿਸ ਨੇ ਕਿਹਾ ਕਿ ਵਿਗਿਆਨੀ ਅਤੇ ਆਟੋਮੋਬਾਈਲ ਮਾਹਰਾਂ ਦੀ ਮਦਦ ਨਾਲ ਕਾਰ ਦੀ ਠੀਕ ਤਰ੍ਹਾਂ ਜਾਂਚ ਕੀਤੀ ਜਾਏਗੀ।
ਵੀਡੀਓ ਲਈ ਕਲਿੱਕ ਕਰੋ -: