ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਨਾਲ ਹੀ ਉਨ੍ਹਾਂ ਨੇ ਉਸ ਦੇ ਪਰਿਵਾਰ ਨੂੰ ਹਰ ਸੰਭਵ ਮਦਦ ਦੇਣ ਦਾ ਵੀ ਭਰੋਸਾ ਦਿੱਤਾ। CM ਮਾਨ ਨੇ ਕਿਹਾ ਕਿ ਉਹ ਪਰਿਵਾਰ ਨੂੰ ਹੋਣ ਵਾਲੇ ਘਾਟੇ ਨੂੰ ਤਾਂ ਨਹੀਂ ਪੂਰਾ ਕਰ ਸਕਦੇ ਪਰ ਉਹ ਪਰਿਵਾਰ ਦੀ ਆਰਥਿਕ ਤੇ ਹਰ ਤਰ੍ਹਾਂ ਦੀ ਮਦਦ ਕਰਨ ਲਈ ਉਨ੍ਹਾਂ ਦੇ ਨਾਲ ਖੜ੍ਹੇ ਹਨ ਤੇ ਨਾਲ ਹੀ ਉਨ੍ਹਾਂ ਨੇ ਸ਼ਹੀਦ ਕਿਸਾਨ ਸ਼ੁਭਕਰਨ ਸਿੰਘ ਦੇ ਪਰਿਵਾਰ ਵਾਲਿਆਂ ਨੂੰ ਭਰੋਸਾ ਦਿਵਾਇਆ ਕਿ ਉਸ ਦੀ ਮੌਤ ਦੀ ਜਾਂਚ ਕੀਤੀ ਜਾਵੇਗੀ ਤੇ ਇਸ ਲਈ ਜ਼ਿੰਮੇਵਾਰ ਵਿਅਕਤੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਮੁੱਖ ਮੰਤਰੀ ਮਾਨ ਨੇ ਦੱਸਿਆ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਦਿੱਲੀ ਜਾਣਾ ਚਾਹੁੰਦੇ ਹਨ ਪਰ ਖਨੌਰੀ ਤੇ ਸ਼ੰਭੂ ਬਾਰਡਰ ਉਤੇ ਰੋਕ ਲਿਆ ਗਿਆ। 4 ਵਾਰ ਮੀਟਿੰਗਾਂ ਹੋਈਆਂ। ਪਰ ਕੋਈ ਨਤੀਜਾ ਨਹੀਂ ਨਿਕਲਿਆ, ਜਿਸ ਕਾਰਨ ਉਨ੍ਹਾਂ ਨੂੰ ਮਜਬੂਰਨ ਦਿੱਲੀ ਜਾਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਮੇਰੀ ਕੋਸ਼ਿਸ਼ ਹੈ ਕਿ ਕੇਂਦਰ ਤੇ ਕਿਸਾਨਾਂ ਵਿਚਾਲੇ ਮੈਂ ਇਕ ਪੁਲ ਦਾ ਕੰਮ ਕਰਾਂ। ਸਾਰਥਕ ਮਾਹੌਲ ਵਿਚ ਗੱਲ ਹੋਵੇ। ਮੰਗਾਂ ਮੰਨਣਾ ਕੇਂਦਰ ਦਾ ਕੰਮ ਹੈ ਤੇ ਪ੍ਰਸਤਾਵ ਨੂੰ ਮੰਨਣਾ ਕਿਸਾਨਾਂ ਦਾ ਅਧਿਕਾਰ ਹੈ। ਮੈਂ ਕੋਸ਼ਿਸ਼ ਕੀਤੀ ਕਿ ਮਸਲੇ ਦਾ ਹੱਲ ਹੋ ਜਾਵੇ। ਮੈਂ ਨਹੀਂ ਚਾਹੁੰਦਾ ਕਿ ਕਿਸਾਨ ਵਾਟਰ ਕੈਨਲ ਦਾ ਮੁਕਾਬਲਾ ਕਰਨ।
ਪਰ ਅਜਿਹਾ ਸੰਭਵ ਨਹੀਂ ਹੋਇਆ ਤੇ ਕਿਸਾਨ ਆਪਣੀਆਂ ਮੰਗਾਂ ਲਈ ਦਿੱਲੀ ਕੂਚ ਕਰਨਾ ਚਾਹੁੰਦੇ ਹਨ। ਇਸੇ ਵਿਚਾਲੇ ਅੱਜ ਖਨੌਰੀ ਬਾਰਡਰ ਉਤੇ 21 ਸਾਲਾ ਸ਼ੁਭਕਰਨ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਆਜ਼ਾਦ ਕਰਾਉਣ ਲਈ 90 ਫੀਸਦੀ ਕੁਰਬਾਨੀਆਂ ਪੰਜਾਬੀਆਂ ਦੀ ਹੈ ਤੇ ਕੀ ਅਸੀਂ ਆਪਣੀਆਂ ਮੰਗਾਂ ਲਈ ਦਿੱਲੀ ਨਹੀਂ ਜਾ ਸਕਦੇ? ਹਰਿਆਣੇ ਵਾਲੇ ਕਿਉਂ ਰੋਕ ਰਹੇ ਹਨ।
ਇਹ ਵੀ ਪੜ੍ਹੋ : ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਵਿਗੜੀ ਤਬੀਅਤ, ਹਸਪਤਾਲ ਕਰਵਾਇਆ ਗਿਆ ਭਰਤੀ
ਇਸ ਮੌਕੇ ਇਕ ਵੱਡਾ ਐਲਾਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਮੈਂ ਐਂਬੂਲੈਂਸ ਤੇ SSF ਦੀਆਂ ਸਾਰੀਆਂ ਗੱਡੀਆਂ ਬਾਰਡਰ ਉਤੇ ਲਗਾ ਦਿੱਤੀਆਂ ਹਨ ਤੇ ਨਾਲ ਹੀ ਉਨ੍ਹਾਂ ਕਿਹਾ ਕਿ ਸਾਡੇ ਕੋਲ 2 ਮੰਤਰੀ ਤੇ ਵਿਧਾਇਕਾਂ ਡਾਕਟਰ ਹਨ, ਜੋ ਕਿ ਅੱਖਾਂ ਦੇ ਸਪੈਸ਼ਲਿਸਟ ਹਨ, ਜਿਨ੍ਹਾਂ ਦੀ ਡਿਊਟੀ ਬਾਰਡਰਾਂ ਉਤੇ ਲਗਾ ਦਿੱਤੀ ਗਈ ਹੈ ਕਿਉਂਕਿ ਜ਼ਿਆਦਾਤਰ ਕੇਸ ਅੱਖਾਂ ਨਾਲ ਸਬੰਧਤ ਆ ਰਹੇ ਹਨ।