ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕ੍ਰਿਕਟਰ ਤੋਂ ਰਿਸ਼ਵਤ ਮੰਗਣ ਦੇ ਦੋਸ਼ਾਂ ਨੂੰ ਲੈ ਕੇ ਇੱਕ ਵਾਰ ਫਿਰ ਸਾਬਕਾ CM ਚਰਨਜੀਤ ਸਿੰਘ ਚੰਨੀ ‘ਤੇ ਨਿਸ਼ਾਨਾ ਸਾਧਿਆ ਹੈ। ਮਾਨ ਨੇ ਚੰਨੀ ਨੂੰ ਇਸ ਮਾਮਲੇ ਸਬੰਧੀ ਸਾਰੀ ਜਾਣਕਾਰੀ 31 ਮਈ ਤੱਕ ਖੁਦ ਸਾਂਝੀ ਕਰਨ ਲਈ ਕਿਹਾ ਹੈ, ਨਹੀਂ ਤਾਂ ਉਹ ਉਸੇ ਦਿਨ ਸਭ ਕੁਝ ਜਨਤਾ ਨਾਲ ਸਾਂਝਾ ਕਰ ਦੇਣਗੇ। CM ਮਾਨ ਨੇ ਇਸ ਸਬੰਧੀ ਟਵੀਟਰ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ।
CM ਮਾਨ ਨੇ ਆਪਣੇ ਟਵੀਟ ਵਿੱਚ ਲਿਖਿਆ- “ਸਤਿਕਾਰਯੋਗ ਚਰਨਜੀਤ ਚੰਨੀ ਜੀ, ਮੈਂ ਤੁਹਾਨੂੰ 31 ਮਈ (ਦੁਪਹਿਰ 2 ਵਜੇ) ਤੱਕ ਜਨਤਕ ਕਰਨ ਦਾ ਮੌਕਾ ਦੇ ਰਿਹਾ ਹਾਂ। ਤੁਹਾਡੇ ਭਤੀਜੇ ਵੱਲੋਂ ਨੌਕਰੀ ਲਈ ਖਿਡਾਰੀ ਤੋਂ ਰਿਸ਼ਵਤ ਮੰਗਣ ਬਾਰੇ ਸਾਰੀ ਜਾਣਕਾਰੀ। ਨਹੀਂ ਤਾਂ, 31 ਮਈ ਨੂੰ ਦੁਪਹਿਰ 2 ਵਜੇ, ਮੈਂ ਪੰਜਾਬੀਆਂ ਦੇ ਸਾਹਮਣੇ ਫੋਟੋਆਂ, ਨਾਮ ਅਤੇ ਮੀਟਿੰਗ ਦੀ ਜਗ੍ਹਾ ਸਮੇਤ ਸਭ ਕੁਝ ਰੱਖਾਂਗਾ।
ਦੱਸ ਦੇਈਏ ਕਿ ਮੁੱਖ ਮੰਤਰੀ ਮਾਨ ਨੇ ਦੋਸ਼ ਲਾਇਆ ਸੀ ਕਿ ਚੰਨੀ ਦੇ ਭਤੀਜੇ ਨੇ ਕ੍ਰਿਕਟਰ ਨੂੰ ਨੌਕਰੀ ਦਿਵਾਉਣ ਲਈ 2 ਕਰੋੜ ਰੁਪਏ ਮੰਗੇ ਸਨ। ਮੁੱਖ ਮੰਤਰੀ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਗਰੀਬ ਦੱਸਦੇ ਹਨ ਪਰ ਖਿਡਾਰੀਆਂ ਤੋਂ ਕਰੋੜਾਂ ਰੁਪਏ ਮੰਗਦੇ ਰਹੇ ਹਨ। ਹਾਲਾਂਕਿ ਸਾਬਕਾ CM ਚਰਨਜੀਤ ਚੰਨੀ ਨੇ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਸੀ ਅਤੇ ਮਾਨ ਨੂੰ ਇਸ ਸਬੰਧੀ ਸਬੂਤ ਸਾਂਝੇ ਕਰਨ ਦੀ ਚੁਣੌਤੀ ਦਿੱਤੀ ਸੀ।