CM removed this senior officer : ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੇਸ਼ ਵਿਚ ਸੂਬੇ ਦੇ ਹੈਲਥ ਐਂਡ ਵੈੱਲਨੈੱਸ ਸੈਂਟਰ ਨੰਬਰ ਵਨ ਆਉਣ ’ਤੇ ਵਧਾਈ ਦਿੱਤੀ ਪਰ ਇਸ ਦੇ ਨਾਲ ਹੀ ਉਨ੍ਹਾਂ ਨੇ ਕੁਝ ਦੇਰ ਬਾਅਦ ਹੀ ਸਿਹਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨੁਰਾਗ ਅਗਰਵਾਲ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ। ਇਸ ਦਾ ਵੱਡਾ ਕਾਰਨ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਅਨੁਰਾਗ ਅਗਰਵਾਲ ਦਰਮਿਆਨ ਵਿਵਾਦ ਦੱਸਿਆ ਜਾ ਰਿਹਾ ਹੈ, ਜਿਸ ਦੇ ਚੱਲਦਿਆਂ ਅਨੁਰਾਗ ਨੂੰ ਸਿਹਤ ਵਿਭਾਗ ਤੋਂ ਹਟਾ ਕੇ ਵਿਵਾਦ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ।
ਦੱਸਣਯੋਗ ਹੈ ਕਿ ਸਿੱਧੂ ਅਤੇ ਅਨੁਰਾਗ ਦਾ ਵਿਵਾਦ ਕੈਬਨਿਟ ਮੀਟਿੰਗ ਵਿਚ ਵੀ ਛਾਇਆ ਰਿਹਾ। ਸਿੱਧੂ ਨੇ ਆਪਣੇ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨੁਰਾਗ ਦੀ ਕਾਰਗੁਜ਼ਾਰੀ ’ਤੇ ਸਵਾਲ ਉਠਾਏ। ਸਿੱਧੂ ਨੇ ਮੋਗਾ ਵਿਚ ਇਕ ਡਾਕਟਰ ਵੱਲੋਂ ਐਨਆਰਆਈ ਦੇ ਟਰੂਨੈੱਟ ਟੈਸਟ ਕਰਨ ’ਤੇ ਡਾਕਟਰ ਦੇ ਟਰਾਂਸਫਰ ਦਾ ਮਾਮਲਾ ਉਠਾਇਆ। ਸਿੱਧੂ ਨੇ ਇਸ ਗੱਲ ਨੂੰ ਲੈ ਕੇ ਨਾਰਾਜ਼ਗੀ ਪ੍ਰਗਟਾਈ ਕਿ ਅਨੁਰਾਗ ਅਗਰਵਾਲ ਨੇ ਡਾਕਟਰ ਦੇ ਟਰਾਂਸਫਰ ਤੋਂ ਬਾਅਦ ਕਿਸੇ ਵੀ ਐਨਆਰਆਈ ਦੀ ਟੂਰਨੈੱਟ ਟੈਸਟਿੰਗ ਨਾ ਕਰਨ ਦਾ ਹੁਕਮ ਜਾਰੀ ਕਰ ਦਿੱਤਾ ਪਰ ਹੁਕਮ ਵਿਚ ਇਹ ਸਪੱਸ਼ਟ ਨਹੀਂ ਕੀਤਾ ਕਿ ਵਿਦੇਸ਼ ਵਾਪਿਸ ਜਾਣ ਵਾਲੇ ਐਨਆਰਆਈ ਦੇ ਕੋਰੋਨਾ ਟੈਸਟ ਦੀ ਸ਼ਰਤ ਪੂਰੀ ਕਰਨ ਲਈ ਉਹ ਕਿੱਥੇ ਜਾਣਗੇ? ਸਿੱਧੂ ਨੇ ਨਸ਼ਾ ਛੱਡਣ ਵਾਲੇ ਮਰੀਜ਼ਾਂ ਦੇ ਯੂਰਿਨ ਟੈਸਟ ਦੀ ਫੀਸ 250 ਰੁਪਏ ਤੈਅ ਕਰਨ ਦਾ ਮੁੱਦਾ ਵੀ ਕੈਬਨਿਟ ਵਿਚ ਉਠਾਇਆ।
ਅਸਲ ’ਚ ਨਸ਼ੇ ਦੀਆਂ ਗੋਲੀਆੰ ਦੀ ਖਪਤ ਵਧਣ ਤੋਂ ਬਾਅਦ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਐਲਨ ਕੀਤਾ ਸੀ ਕਿ ਨਸ਼ਾ ਛੱਡਣ ਵਾਲੇ ਮਰੀਜ਼ਾਂ ਦੇ ਯੂਰਿਨ ਟੈਸਟ ਲਾਜ਼ਮੀ ਤੌਰ ’ਤੇ ਹੋਣਗੇ, ਤਾਂਜੋ ਪਤਾ ਲੱਗ ਸਕੇ ਕਿ ਮਰੀਜ਼ ਦਵਾਈ ਖੁਦ ਲੈ ਰਹੇ ਹਨ ਜਾਂ ਅੱਗੇ ਵੇਚ ਰਹੇ ਹਨ। ਇਸ ਤੋਂ ਬਾਅਦ ਅਨੁਰਾਗ ਅਗਰਵਾਲ ਨੇ ਯੂਰਿਨ ਟੈਸਟ ਦੀ ਫੀਸ 250 ਰੁਪਏ ਫਿਕਸ ਕਰ ਦਿੱਤੀ। ਸਿੱਧੂ ਨੇ ਇਸ ਨੂੰ ਲੈ ਕੇ ਨਾਰਾਜ਼ਗੀ ਪ੍ਰਗਟਾਈ ਤਾਂ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਗੁੱਸੇ ਵਿਚ ਕਹਿ ਦਿੱਤਾ ਕਿ ਅਨੁਰਾਗ ਅਗਰਵਾਲ ਦੀ ਏਸੀਆਰ ਵਿਚ ਸਪੱਸ਼ਟ ਤੌਰ ’ਤੇ ਲਿਖਿਆ ਜਾਵੇ ਕਿ ਇਹ ਅਫਸਰ ਕਾਬਿਲ ਨਹੀਂ ਹੈ। ਦੋ ਮੰਤਰੀਆਂ ਦੀ ਨਾਰਾ਼ਗੀ ਨੂੰ ਦੇਖਦੇ ਅਨੁਰਾਗ ਅਗਰਵਾਲ ਨੂੰ ਤੁਰੰਤ ਉਨ੍ਹਾਂ ਦੇ ਅਹੁਦੇ ਤੋਂ ਹਟਾ ਕੇ ਅਡਿਸ਼ਨਲ ਚੀਫ ਸੈਕਟਰੀ ਪਾਵਰ ਲਗਾ ਦਿੱਤਾ ਗਿਆ। ਉਹ ਟਰਾਂਸਕਾਮ ਦੇ ਸੀਐਮਡੀ ਵੀ ਹੋਣਗੇ।