ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲੇ ‘ਚ ਬੁੱਧਵਾਰ ਨੂੰ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਏ ਮੁਕਾਬਲੇ ‘ਚ ਕਰਨਲ ਮਨਪ੍ਰੀਤ ਸਿੰਘ, ਵਾਸੀ ਪਿੰਡ ਭੜੋਜੀਆ, ਨਿਊ ਚੰਡੀਗੜ੍ਹ, ਸ਼ਹੀਦ ਹੋ ਗਏ ਹਨ। ਕਰਨਲ ਮਨਪ੍ਰੀਤ ਸਿੰਘ ਮੂਲ ਰੂਪ ਵਿੱਚ ਮੁਹਾਲੀ ਜ਼ਿਲ੍ਹੇ ਦੇ ਪਿੰਡ ਭਦੌਣੀਆਂ ਦਾ ਵਸਨੀਕ ਸੀ। ਕਰਨਲ ਦੀ ਸ਼ਹਾਦਤ ਦੀ ਸੂਚਨਾ ਉਨ੍ਹਾਂ ਦੇ ਛੋਟੇ ਭਰਾ ਸੰਦੀਪ ਸਿੰਘ ਨੂੰ ਸ਼ਾਮ 5.30 ਵਜੇ ਦੇ ਕਰੀਬ ਫ਼ੋਨ ‘ਤੇ ਮਿਲੀ ਸੀ। ਜਿਸ ਤੋਂ ਬਾਅਦ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ।
ਇਸ ਤੋਂ ਦੋ ਦਿਨ ਪਹਿਲਾਂ ਸ਼ਹੀਦ ਕਰਨਲ ਮਨਪ੍ਰੀਤ ਨੇ ਆਪਣੇ ਭਰਾ ਨੂੰ ਫੋਨ ‘ਤੇ ਛੁੱਟੀਆਂ ‘ਤੇ ਆਉਣ ਦੀ ਸੂਚਨਾ ਦਿੱਤੀ ਸੀ, ਜਿਸ ‘ਤੇ ਹਰ ਕੋਈ ਖੁਸ਼ ਸੀ। ਕਰਨਲ ਦੇ ਪਿਤਾ ਸ. ਲਖਬੀਰ ਸਿੰਘ ਵੀ ਫੌਜ ਵਿੱਚ ਸਿਪਾਹੀ ਸੀ। ਸ਼ਹੀਦ ਦਾ ਸਹੁਰਾ ਘਰ ਸੈਕਟਰ 26 ਪੰਚਕੂਲਾ ਵਿੱਚ ਹੈ। ਭਾਰਤੀ ਫੌਜ ਵੱਲੋਂ ਉਸ ਦੀ ਸ਼ਹਾਦਤ ਬਾਰੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ।ਸ਼ਹੀਦ ਦੇ ਘਰ ਸੋਗ ਕਰਨ ਵਾਲਿਆਂ ਦੀ ਭੀੜ ਲੱਗੀ ਹੋਈ ਹੈ। ਸ਼ਾਮ ਤੱਕ ਉਨ੍ਹਾਂ ਦੀ ਮ੍ਰਿਤਕ ਦੇਹ ਪਹੁੰਚਣ ਦੀ ਉਮੀਦ ਹੈ।
ਕਰਨਲ ਮਨਪ੍ਰੀਤ ਸਿੰਘ ਨੂੰ ਕੁਝ ਸਮਾਂ ਪਹਿਲਾਂ ਲੈਫਟੀਨੈਂਟ ਕਰਨਲ ਤੋਂ ਕਰਨਲ ਵਜੋਂ ਤਰੱਕੀ ਦਿੱਤੀ ਗਈ ਸੀ। ਉਹ ਵਿਆਹਿਆ ਹੋਇਆ ਸੀ ਅਤੇ ਉਸਦੇ ਪਰਿਵਾਰ ਵਿੱਚ ਦੋ ਭਰਾ ਅਤੇ ਇੱਕ ਭੈਣ ਹੈ। ਉਹ ਆਪਣੇ ਪਿੱਛੇ 7 ਸਾਲ ਦਾ ਬੇਟਾ ਕਬੀਰ ਸਿੰਘ ਅਤੇ ਢਾਈ ਸਾਲ ਦੀ ਬੇਟੀ ਬਾਣੀ ਸਮੇਤ ਪਰਿਵਾਰ ਛੱਡ ਗਿਆ ਹੈ। ਭਰਾ ਦਾ ਨਾਂ ਸੰਦੀਪ ਸਿੰਘ ਅਤੇ ਭੈਣ ਦਾ ਨਾਂ ਸੰਦੀਪ ਕੌਰ ਹੈ। ਦੋਵੇਂ ਉਸ ਤੋਂ ਛੋਟੇ ਹਨ।
ਇਹ ਵੀ ਪੜ੍ਹੋ : ਮੋਗਾ ਦੇ ਪਿੰਡ ਸਾਫੂਵਾਲਾ ਦੇ ਸਰਪੰਚ ਨੇ ਕਾਇਮ ਕੀਤੀ ਮਿਸਾਲ! ਪਿੰਡ ਦੀ ਨੁਹਾਰ ਬਦਲਣ ਲਈ ਖਰਚੇ ਡੇਢ ਕਰੋੜ ਰੁ:
ਕਰਨਲ ਮਨਪ੍ਰੀਤ ਸਿੰਘ ਦੀ ਪਤਨੀ ਜਗਮੀਤ ਕੌਰ ਮੋਰਨੀ ਵਿੱਚ ਅਧਿਆਪਕਾ ਹੈ। ਉਹ ਪੰਚਕੂਲਾ ਦੇ ਸੈਕਟਰ-26 ਵਿੱਚ ਸੱਤ ਸਾਲ ਦੇ ਬੇਟੇ ਕਬੀਰ ਅਤੇ ਢਾਈ ਸਾਲ ਦੀ ਬੇਟੀ ਵਾਨੀ ਨਾਲ ਰਹਿੰਦੀ ਹੈ। ਮਨਪ੍ਰੀਤ ਸਾਲ 2003 ਵਿੱਚ ਫੌਜ ਵਿੱਚ ਲੈਫਟੀਨੈਂਟ ਕਰਨਲ ਬਣਿਆ। ਸਾਲ 2005 ਵਿੱਚ ਉਨ੍ਹਾਂ ਨੂੰ ਕਰਨਲ ਦੇ ਅਹੁਦੇ ‘ਤੇ ਤਰੱਕੀ ਦਿੱਤੀ ਗਈ। ਇਸ ਤੋਂ ਬਾਅਦ ਉਸ ਨੇ ਦੇਸ਼ ਦੇ ਦੁਸ਼ਮਣਾਂ ਨੂੰ ਮਾਰਨ ਲਈ ਭਾਰਤੀ ਫੌਜ ਦੇ ਕਈ ਆਪਰੇਸ਼ਨਾਂ ਦੀ ਅਗਵਾਈ ਕੀਤੀ।
ਸ਼ਹੀਦ ਕਰਨਲ ਮਨਪ੍ਰੀਤ ਸਿੰਘ ਨੂੰ 2 ਸਾਲ ਪਹਿਲਾਂ ਸੈਨਾ ਵੱਲੋਂ ਸੈਨਾ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਉਹ 19 ਰਾਸ਼ਟਰੀ ਰਾਈਫਲਜ਼ ‘ਚ ਲੈਫਟੀਨੈਂਟ ਕਰਨਲ ਦੇ ਅਹੁਦੇ ‘ਤੇ ਸੇਵਾ ਨਿਭਾਅ ਰਹੇ ਹਨ। 2021 ਵਿਚ ਇਸੇ ਬਟਾਲੀਅਨ ਨੇ ਅੰਨ੍ਹੇਵਾਹ ਗੋਲੀਬਾਰੀ ਕਰਨ ਵਾਲੇ ਅੱਤਵਾਦੀਆਂ ਦਾ ਸਾਹਮਣਾ ਕੀਤਾ ਸੀ ਅਤੇ ਉਸ ਸਮੇਂ ਦੇ ਲੈਫਟੀਨੈਂਟ ਕਰਨਲ ਮਨਪ੍ਰੀਤ ਸਿੰਘ ਨੇ ਅੱਤਵਾਦੀਆਂ ਨੂੰ ਮਾਰ ਮੁਕਾਇਆ ਸੀ। ਇਹ ਉਹੀ ਬਟਾਲੀਅਨ ਹੈ ਜਿਸ ਨੇ 2016 ‘ਚ ਅੱਤਵਾਦੀ ਬੁਰਹਾਨ ਵਾਨੀ ਨੂੰ ਮਾਰ ਦਿੱਤਾ ਸੀ।
ਵੀਡੀਓ ਲਈ ਕਲਿੱਕ ਕਰੋ -: