Congress high command unhappy : ਸਿਆਸੀ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੂੰ ਲੈ ਕੇ ਪੰਜਾਬ ਕਾਂਗਰਸ ਵਿਚ ਚਰਚਾ ਕਾਫੀ ਗਰਮਾ ਗਈ ਹੈ। ਇਕ ਪਾਸੇ ਪ੍ਰਸ਼ਾਂਤ ਕਿਸ਼ੋਰ ਦੀ ਨਵਜੋਤ ਸਿੰਘ ਸਿੱਧੂ ਤੇ ਆਮ ਆਦਮੀ ਪਾਰਟੀ ਵਿਚਾਲੇ ਗੱਲਬਾਤ ਕਰਵਾਉਣ ਦੀ ਚਰਚਾ ਹੋ ਰਹੀ ਹੈ ਤੇ ਦੂਜੇ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੀ ਰਣਨੀਤੀ ਤਿਆਰ ਕਰਨ ਲਈ ਮੁੜ ਪ੍ਰਸ਼ਾਂਤ ਕਿਸ਼ੋਰ ਦੀਆਂ ਸੇਵਾਵਾਂ ਚਾਹੁੰਦੇ ਹਨ। ਇਸ ਗੱਲ ਨੂੰ ਲੈ ਕੇ ਕਾਂਗਰਸ ਹਾਈਕਮਾਨ ਖੁਸ਼ ਨਹੀਂ ਹੈ। ਪਾਰਟੀ ਹਾਈਕਮਾਨ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਆਪਣੇ ਪੱਧਰ ’ਤੇ ਇਸ ਦਾ ਫੈਸਲਾ ਕਿਵੇਂ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਅਜਿਹੀ ਚਰਚਾ ਚੱਲ ਰਹੀ ਹੈ ਕਿ ਨਵੋਜਤ ਸਿੰਘ ਸਿੱਧੂ ਦੀ ਪ੍ਰਸ਼ਾਂਤ ਕਿਸ਼ੋਰ ਰਾਹੀਂ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਲਈ ਗੱਲਬਾਤ ਚੱਲ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਪ੍ਰਸ਼ਾਂਤ ਕਿਸ਼ੋਰ ਚਾਹੁੰਦੇ ਹਨ ਕਿ ਸਿੱਧੂ ’ਆਪ’ ਵਿਚ ਸ਼ਾਮਲ ਹੋ ਜਾਣ। ਚਰਚਾ ਇਹ ਵੀ ਹੈ ਕਿ ਪ੍ਰਸ਼ਾਂਤ ਕਿਸ਼ੋਰ ਰਾਹੀਂ ਸਿੱਧੂ ਦੀ ’ਆਪ’ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਗੱਲਬਾਤ ਹੋਈ ਹੈ।
ਜ਼ਿਕਰਯੋਗ ਹੈ ਕਿ ਪ੍ਰਸ਼ਾਂਤ ਕਿਸ਼ੋਰ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕਾਂਗਰਸ ਦੀ ਸੂਬਾ ਇੰਚਾਰਜ ਆਸ਼ਾ ਕੁਮਾਰੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵਿਚਾਲੇ ਗੱਲਬਾਤ ਹੋਈ ਹੈ। ਦੱਸਿਆ ਜਾਂਦਾ ਹੈ ਕਿ ਤਿੰਨੋਂ ਨੇਤਾਵਾਂ ਵਿਚ ਪ੍ਰਸ਼ਾਂਤ ਕਿਸ਼ੋਰ ਨੂੰ ਲੈ ਕੇ ਵੱਖ-ਵੱਖ ਪਹਿਲੂਆਂ ’ਤੇ ਕਾਫੀ ਮੰਥਨ ਹੋਇਆ। ਮੁੱਖ ਮੰਤਰੀ ਨਾਲ ਹੋਈ ਇਸ ਬੈਠਕ ਲਈ ਆਸ਼ਾ ਕੁਮਾਰੀ ਦੋ ਦਿਨਾਂ ਤੱਕ ਚੰਡੀਗੜ੍ਹ ਵਿਚ ਰਹੀ। ਉਹ ਇਥੇ ਬੁੱਧਵਾਰ ਨੂੰ ਪਹੁੰਚ ਗਈ ਸੀ। ਸੁਨੀਲ ਜਾਖੜ ਵੀ ਦਿੱਲੀ ਤੋਂ ਚੰਡੀਗੜ੍ਹ ਆ ਗਏ ਸਨ। ਜਾਣਕਾਰੀ ਮੁਤਾਬਕ ਆਸ਼ਾ ਕੁਮਾਰੀ ਤੇ ਜਾਖੜ ਵਿਚਾਲੇ ਬੁੱਧਵਾਰ ਨੂੰ ਲੰਬੀ ਮੀਟਿੰਗ ਚੱਲੀ। ਵੀਰਵਾਰ ਨੂੰ ਇਹ ਦੋਵੇਂ ਨੇਤਾ ਮੁੱਖ ਮੰਤਰੀ ਦੇ ਸਿਸਵਾਂ ਫਾਰਮ ਹਾਊਸ ’ਤੇ ਇਕੱਠੇ ਹੋਏ, ਜਿਥੇ ਕੇਂਦਰ ਦੀ ਖੇਤੀਬਾੜੀ ਨੀਤੀ, ਸੂਬੇ ਦੇ ਸਿਆਸੀ ਹਾਲਾਤਾਂ ਤੋਂ ਇਲਾਵਾ ਪ੍ਰਸ਼ਾਂਤ ਕਿਸ਼ੋਰ ਦਾ ਮੁੱਦਾ ਵੀ ਉਠਾਇਆ ਗਿਆ।
ਹਾਈਕਮਾਨ ਇਸ ਗੱਲ ਨੂੰ ਲੈ ਕੇ ਵੀ ਚਿੰਤਤ ਹੈ ਕਿ ਪ੍ਰਸ਼ਾਂਤ ਕਿਸ਼ੋਰ ਸਿੱਧੂ ਨੂੰ ’ਆਪ’ ਵਿਚ ਲਿਜਾਣ ਦੀ ਰਣਨੀਤੀ ਬਣਾ ਰਹੇ ਹਨ। ਇਥੇ ਇਹ ਸਵਾਲ ਵਾਰ-ਵਾਰ ਉਠਦਾ ਹੈ ਕਿ ਅਗਲੀਆਂ ਵਿਧਾਨਸਭਾ ਚੋਣਾਂ ਵਿਚ ਕੈਪਟਨ ਅਮਰਿੰਦਰ ਪਾਰਟੀ ਦੀ ਪ੍ਰਸ਼ਾਂਤ ਕਿਸ਼ੋਰ ਕਮਾਨ ਫੜਣਗੇ ਜਾਂ ਨਹੀਂ ਜੇਕਰ ਮੁੱਖ ਮੰਤਰੀ 2022 ਦੀਆਂ ਚੋਣਾਂ ਨੂੰ ਲੈ ਕੇ ਪ੍ਰਸ਼ਾਂਤ ਕਿਸ਼ੋਰ ਦੀਆਂ ਸੇਵਾਵਾਂ ਲੈਂਦੇ ਹਨ ਤਾਂ ਇਹ ਸਪੱਸ਼ਟ ਹੋ ਜਾਏਗਾ ਕਿ ਅਗਲੀ ਵਾਰ ਵੀ ਉਹ ਕਾਂਗਰਸ ਪਾਰਟੀ ਦੀ ਕਮਾਨ ਫੜਣਗੇ।