ਮਨੀ ਲਾਂਡਰਿੰਗ ਮਾਮਲੇ ‘ਚ ਕਾਂਗਰਸ ਨੇਤਾ ਰਾਹੁਲ ਗਾਂਧੀ ਤੋਂ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਲਗਾਤਾਰ ਤੀਜੇ ਦਿਨ ਪੁੱਛਗਿੱਛ ਕਰ ਰਹੀ ਹੈ। ਈਡੀ ਨੇ ਮੰਗਲਵਾਰ ਨੂੰ 11 ਘੰਟੇ ਤੋਂ ਜ਼ਿਆਦਾ ਅਤੇ ਸੋਮਵਾਰ ਨੂੰ 10 ਘੰਟੇ ਤੋਂ ਜ਼ਿਆਦਾ ਸਮਾਂ ਕਾਂਗਰਸ ਨੇਤਾ ਤੋਂ ਪੁੱਛਗਿੱਛ ਕੀਤੀ। ਕਾਂਗਰਸ ਸਮਰਥਕਾਂ ਨੇ ਇਸ ਨੂੰ ਲੈ ਕੇ ਈਡੀ ਦੇ ਖਿਲਾਫ ਹੱਲਾ ਬੋਲ ਦਿੱਤਾ ਹੈ।
ਦਿੱਲੀ ਪੁਲਿਸ ਵੱਲੋਂ ਧਾਰਾ 144 ਦੀ ਉਲੰਘਣਾ ਕਰਕੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਤੋਂ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਕੀਤੀ ਜਾ ਰਹੀ ਪੁੱਛਗਿੱਛ ਦੇ ਵਿਰੋਧ ਵਿੱਚ ਸੋਮਵਾਰ ਤੋਂ ਹੁਣ ਤੱਕ ਪਾਰਟੀ ਦੇ 800 ਸੀਨੀਅਰ ਆਗੂਆਂ ਅਤੇ ਵਰਕਰਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਹਿਰਾਸਤ ‘ਚ ਲਏ ਗਏ ਲੋਕਾਂ ‘ਚ ਸਚਿਨ ਪਾਇਲਟ ਦਾ ਨਾਂ ਵੀ ਸ਼ਾਮਲ ਹੈ।
ਬੁੱਧਵਾਰ ਨੂੰ ਈਡੀ ਦਫਤਰ ਅਤੇ ਪਾਰਟੀ ਹੈੱਡਕੁਆਰਟਰ ਦੇ ਬਾਹਰ ਪ੍ਰਦਰਸ਼ਨ ਕਰਨ ਲਈ ਕਾਂਗਰਸੀ ਨੇਤਾਵਾਂ ਅਤੇ ਵਰਕਰਾਂ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ। ਵਿਸ਼ੇਸ਼ ਪੁਲਿਸ ਕਮਿਸ਼ਨਰ (ਲਾਅ ਐਂਡ ਆਰਡਰ ਜ਼ੋਨ II) ਸਾਗਰ ਪ੍ਰੀਤ ਹੁੱਡਾ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਕੋਲ ਇਜਾਜ਼ਤ ਨਹੀਂ ਸੀ।
ਉਨ੍ਹਾਂ ਕਿਹਾ ਕਿ “ਅਸੀਂ ਸੋਮਵਾਰ ਤੋਂ ਲਗਭਗ 800 ਕਾਂਗਰਸੀ ਸਮਰਥਕਾਂ ਅਤੇ ਨੇਤਾਵਾਂ ਨੂੰ ਹਿਰਾਸਤ ਵਿੱਚ ਲਿਆ ਹੈ। ਉਨ੍ਹਾਂ ਕੋਲ ਵਿਰੋਧ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਨਹੀਂ ਸੀ ਅਤੇ ਅਸੀਂ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਵੀ ਦਿੱਤੀ ਸੀ। ਇਸ ਦੇ ਬਾਵਜੂਦ ਉਨ੍ਹਾਂ ਨੇ ਪ੍ਰਦਰਸ਼ਨ ਕੀਤਾ। ਅਸੀਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹਨ। ਸੋਮਵਾਰ ਨੂੰ ਪੁਲਿਸ ਨੇ 459 ਕਾਂਗਰਸੀ ਵਰਕਰਾਂ ਅਤੇ ਸੀਨੀਅਰ ਆਗੂਆਂ ਨੂੰ ਹਿਰਾਸਤ ਵਿੱਚ ਲਿਆ ਸੀ। ਮੰਗਲਵਾਰ ਨੂੰ 217 ਆਗੂਆਂ ਤੇ ਵਰਕਰਾਂ ਨੂੰ ਨਜ਼ਰਬੰਦ ਕੀਤਾ ਗਿਆ।
ਪੁਲਿਸ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਸਾਲ 24 ਮਈ ਤੋਂ ਖੇਤਰ ਵਿੱਚ ਸੀਆਰਪੀਸੀ ਦੀ ਧਾਰਾ 144 ਲਾਗੂ ਹੈ, ਜਿਸ ਦੇ ਤਹਿਤ ਇਲਾਕੇ ਵਿੱਚ ਜਨਤਕ ਮੀਟਿੰਗਾਂ, ਜਲੂਸ ਅਤੇ ਪ੍ਰਦਰਸ਼ਨਾਂ ਦੀ ਮਨਾਹੀ ਹੈ।
ਬੁੱਧਵਾਰ ਨੂੰ ਵੀ ਰਾਹੁਲ ਗਾਂਧੀ ਦੀ ਈਡੀ ਸਾਹਮਣੇ ਪੇਸ਼ੀ ਦੇ ਮੱਦੇਨਜ਼ਰ ਪੁਲਿਸ ਨੇ ਕਈ ਸੜਕਾਂ ਬੰਦ ਕਰ ਦਿੱਤੀਆਂ ਸਨ ਅਤੇ ਕਈਆਂ ‘ਤੇ ਆਵਾਜਾਈ ਨੂੰ ਡਾਇਵਰਟ ਕੀਤਾ ਗਿਆ ਸੀ, ਜਿਸ ਤੋਂ ਬਾਅਦ ਮੱਧ ਦਿੱਲੀ ‘ਚ ਗੱਡੀਆਂ ਦੀ ਆਵਾਜਾਈ ਪ੍ਰਭਾਵਿਤ ਹੋਈ ਸੀ।
ਵੀਡੀਓ ਲਈ ਕਲਿੱਕ ਕਰੋ -: