Conspiracy being hatched : ਚੰਡੀਗੜ੍ਹ: ਪਿਛਲੇ ਦਿਨੀਂ ਭਾਜਪਾ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਜਯੰਤੀ ਸਮਾਗਮ ਮੌਕੇ ਕਿਸਾਨਾਂ ਵੱਲੋਂ ਹਮਲਾ ਬੋਲਿਆ ਗਿਆ ਜਿਸ ਨੇ ਹੁਣ ਸਿਆਸੀ ਰੰਗ ਲੈਣਾ ਸ਼ੁਰੂ ਕਰ ਦਿੱਤਾ ਹੈ। ਭਾਜਪਾ ਦਾ ਕਹਿਣਾ ਹੈ ਕਿ ਕੈਪਟਨ ਦੀ ਸ਼ਹਿ ‘ਤੇ ਇਹ ਸਾਰਾ ਕੁਝ ਹੋ ਰਿਹਾ ਹੈ। ਇਸੇ ਮਾਮਲੇ ਨੂੰ ਲੈ ਕੇ ਉਹ ਡੀ. ਜੀ. ਪੀ. ਦਿਨਕਰ ਗੁਪਤਾ ਨੂੰ ਮਿਲੇ। ਪੰਜਾਬ ਵਿੱਚ ਵਿਗੜ ਰਹੇ ਅਮਨ-ਕਾਨੂੰਨ ਅਤੇ ਭਾਜਪਾ ਵਰਕਰਾਂ ਉੱਤੇ ਹੋਏ ਹਿੰਸਕ ਹਮਲਿਆਂ ਅਤੇ ਰਾਜ ਵਿੱਚ ਨਿੱਜੀ ਜਾਇਦਾਦਾਂ ‘ਤੇ ਕੈਪਟਨ ਸਰਕਾਰ ਦੇ ਇਸ਼ਾਰੇ ‘ਤੇ ਕਿਸਾਨਾਂ ਦੇ ਨਾਂ ‘ਤੇ ਨਕਸਲੀਆਂ ਅਤੇ ਸਮਾਜ ਵਿਰੋਧੀ ਅਨਸਰਾਂ ਵੱਲੋਂ ਕੀਤੀ ਜਾ ਰਹੀ ਹਿੰਸਕ ਕਾਰਵਾਈ ਨੂੰ ਲੈ ਕੇ ਪੰਜਾਬ ਭਾਜਪਾ ਦਾ ਵਫਦ ਸਾਬਕਾ ਮੰਤਰੀ ਮਦਨ ਮੋਹਨ ਮਿੱਤਲ ਦੀ ਅਗਵਾਈ ‘ਚ ਪੰਜਾਬ ਦੇ ਡੀ.ਜੀ.ਪੀ. ਦਿਨਕਰ ਗੁਪਤਾ ਨੂੰ ਉਨ੍ਹਾਂ ਦੇ ਚੰਡੀਗੜ੍ਹ ਦਫ਼ਤਰ ਵਿੱਚ ਮਿਲਿਆ I ਇਸ ਮੌਕੇ ਸਾਬਕਾ ਪ੍ਰਦੇਸ਼ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ, ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ, ਤੀਕਸ਼ਣ ਸੂਦ ਅਤੇ ਰਾਜਿੰਦਰ ਭੰਡਾਰੀ ਮੌਜੂਦ ਸਨ।
ਆਪਣਾ ਗੁੱਸਾ ਜ਼ਾਹਿਰ ਕਰਦੇ ਹੋਏ ਮਦਨ ਮੋਹਨ ਮਿੱਤਲ ਨੇ ਕਿਹਾ ਕਿ ਬਠਿੰਡਾ ਵਿੱਚ ਭਾਜਪਾ ਵਰਕਰਾਂ ‘ਤੇ ਕੈਪਟਨ ਸਰਕਾਰ ਦੀ ਸ਼ਹਿ ‘ਤੇ ਜਬਰੀ ਤੋੜ-ਭੰਨ ਕਰਨਾ ਅਤੇ ਭਾਜਪਾ ਵਰਕਰਾਂ ‘ਤੇ ਜ਼ਬਰਦਸਤੀ ਹਮਲਾ ਕਰਨਾ ਅਤੇ ਪੁਲਿਸ ਨੂੰ ਹਮਲਾਵਰਾਂ ਦਾ ਸਾਥ ਦਿੰਦੇ ਵੇਖਣਾ ਇਹ ਸਾਫ ਜ਼ਾਹਰ ਕਰਦਾ ਹੈ ਕਿ ਇਹ ਸਾਰਾ ਕੁਝ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੀ ਕਾਂਗਰਸ ਸਰਕਾਰ ਵਲੋਂ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕੈਪਟਨ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਸਾਡੀ ਚੁੱਪ ਨੂੰ ਕਮਜ਼ੋਰੀ ਨਾ ਸਮਝੋ, ਭਾਜਪਾ ਵਰਕਰ ਨਾ ਡਰੇਗਾ ਅਤੇ ਨਾ ਹੀ ਝੁਕੇਗਾ ਅਤੇ ਭਾਜਪਾ ਵਰਕਰ ਹਰ ਤਰ੍ਹਾਂ ਨਾਲ ਜਵਾਬ ਦੇਣ ਦੇ ਯੋਗ ਹੈ। ਇਸ ਤੋਂ ਪਹਿਲਾਂ ਵੀ ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ‘ਤੇ ਕਾਤਲਾਨਾ ਹਮਲਾ ਕੀਤਾ ਗਿਆ ਸੀ ਅਤੇ ਅਜੇ ਤੱਕ ਇਸ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕੈਪਟਨ ਸਰਕਾਰ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਭਾਜਪਾ ਵਰਕਰਾਂ ਨੂੰ ਇਸ ਤਰ੍ਹਾਂ ਦੀ ਹਿੰਸਾ ਨਾਲ ਰੋਕਣਾ ਸੰਭਵ ਨਹੀਂ ਹੈ, ਪੰਜਾਬ ਦੇ ਲੋਕ ਸਾਰਾ ਕੁਝ ਦੇਖ ਰਹੇ ਹਨ ਅਤੇ ਜਦੋਂ ਸਮਾਂ ਆਵੇਗਾ ਤਾਂ ਇਸਦਾ ਜਵਾਬ ਕੈਪਟਨ ਸਰਕਾਰ ਤੋਂ ਲਿਆ ਜਾਵੇਗਾ।
ਮਦਨ ਮੋਹਨ ਮਿੱਤਲ ਦੀ ਅਗਵਾਈ ਵਾਲੇ ਵਫ਼ਦ ਨੇ ਮੰਗ ਕੀਤੀ ਕਿ ਭਾਰਤੀ ਸੰਵਿਧਾਨ ਵਲੋਂ ਗਾਰੰਟੀ ਦੇ ਬੁਨਿਆਦੀ ਅਧਿਕਾਰਾਂ ਅਨੁਸਾਰ ਭਾਰਤੀ ਜਨਤਾ ਪਾਰਟੀ ਨਾਲ ਸਬੰਧਤ ਆਗੂਆਂ ਦੀ ਜਾਨ, ਆਜ਼ਾਦੀ ਅਤੇ ਜਾਇਦਾਦ ਦੀ ਰਾਖੀ ਲਈ ਢੁਕਵੇਂ ਕਦਮ ਚੁੱਕੇ ਜਾਣ ਅਤੇ ਸਿਆਸੀ ਮਨੋਰਥਾਂ ਦੇ ਨਾਲ, ਕੁਝ ਰਾਜਨੀਤਿਕ ਨੇਤਾਵਾਂ ਅਤੇ ਸਮਾਜ ਵਿਰੋਧੀ ਅਨਸਰਾਂ ਵਲੋਂ ਪ੍ਰੇਰਿਤ ਲੋਕਾਂ ਵਲੋਂ ਨਾਜਾਇਜ਼ ਢੰਗ ਨਾਲ ਭਾਜਪਾ ਨੇਤਾਵਾਂ ਦੇ ਘਰਾਂ ਅੱਗੇ ਦਿੱਤੇ ਧਰਨੇ ਹਟਾਏ ਜਾਣ। ਉਨ੍ਹਾਂ ਕਿਹਾ ਕਿ ਖੇਤੀਬਾੜੀ ਬਿੱਲਾਂ ਨੂੰ ਅਧਾਰ ਬਣਾ ਕੇ ਕੁਝ ਰਾਜਨੀਤਿਕ ਆਗੂ ਅਤੇ ਸਮਾਜ ਵਿਰੋਧੀ ਅਨਸਰ ਆਪਣੇ ਸਵਾਰਥ ਲਈ ਕਿਸਾਨਾਂ ਅਤੇ ਹੋਰ ਲੋਕਾਂ ਨੂੰ ਭੜਕਾ ਕੇ, ਪ੍ਰਦਰਸ਼ਨ ਅਤੇ ਹਿੰਸਕ ਕਾਰਵਾਈਆਂ ਕਰਵਾ ਰਹੇ ਹਨ। ਇਥੋਂ ਤਕ ਕਿ ਕੁਝ ਰਾਜਨੀਤਿਕ ਵਿਰੋਧੀਆਂ ਦੇ ਇਸ਼ਾਰੇ ‘ਤੇ, ਆਪਣੇ ਆਪ ਨੂੰ ਕਿਸਾਨ ਅਖਵਾਉਣ ਵਾਲੇ ਕੁਝ ਸਮਾਜ ਵਿਰੋਧੀ ਅਨਸਰ ਭਾਜਪਾ ਨੇਤਾਵਾਂ ਨੂੰ ਭਿਆਨਕ ਨਤੀਜੇ ਭੁਗਤਣ ਦੀ ਧਮਕੀ ਦੇ ਰਹੇ ਹਨ।