Corona positive prisoner escapes : ਜਲੰਧਰ ਦਾ ਸਿਵਲ ਹਸਪਤਾਲ ਅੱਜ ਲਗਾਤਾਰ ਦੂਸਰੇ ਦਿਨ ਵੀ ਚਰਚਾ ਵਿਚ ਹੈ। ਕੱਲ੍ਹ ਇਥੇ ਜੱਚਾ ਬੱਚਾ ਵਾਰਡ ਵਿਚ ਇਕ ਨਵਜੰਮੇ ਬੱਚੇ ਦੇ ਚੋਰੀ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ, ਇਥੇ ਹੀ ਅੱਜ ਸਿਵਲ ਹਸਪਤਾਲ ਵਿਚ ਕੋਰੋਨਾ ਦੇ ਇਲਾਜ ਲਈ ਲਿਆਂਦਾ ਗਿਆ ਕੈਦੀ ਪੁਲਿਸ ਦੀ ਗਾਰਦ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਉਹ ਨਸ਼ੇ ਦੇ ਕੇਸ ਵਿਚ ਸਜ਼ਾ ਕੱਟ ਰਿਹਾ ਸੀ ਅਤੇ ਕਪੂਰਥਲਾ ਜੇਲ੍ਹ ਵਿਚ ਬੰਦ ਸੀ। ਕੋਰਨਾ ਪਾਜ਼ੀਟਿਵ ਆਉਣ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ।
ਦਿਹਾਤ ਪੁਲਿਸ ਦੇ ਲਾਈਨ ਅਫਸਰ ਐਸਆਈ ਜਸਵਿੰਦਰ ਪਾਲ ਨੇ ਇਸ ਬਾਰੇ ਦੱਸਿਆ ਕਿ ਸਿਵਲ ਹਸਪਤਾਲ ਜਲੰਦਰ ਵਿਚ ਕੈਦੀਆਂ ਦੀ ਪੱਕੀ ਨਿਗਰਾਨੀ ਲਈ ਉਨ੍ਹਾਂ ਦੀ ਗਾਰਦ ਲੱਗੀ ਹੈ। ਉਨ੍ਹਾਂ ’ਤੇ ਨਕੋਦਰ ਦੇ ਪਿਡੰ ਮੱਲੀਆਂ ਦੇ ਕੈਦੀ ਸੁਖਬੀਰ ਸਿੰਘ ਉਰਫ ਸਾਬੀ ਦੀ ਨਿਗਰਾਨੀ ਦੀ ਜ਼ਿੰਮਾ ਸੀ, ਜਿਸ ਨੂੰ ਅਦਾਲਤ ਨੇ ਐਨਡੀਪੀਐਸ ਐਕਟ ਵਿਚ ਦਸ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਉਸ ਨੂੰ 9 ਅਗਸਤ ਨੂੰ ਇਥੇ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਬੁੱਧਵਾਰ ਨੂੰ ਕੈਦੀ ਸਾਬੀ ਫਰਾਰ ਹੋ ਗਿਆ।
ਇਸ ਬਾਰੇ ਉਨ੍ਹਾਂ ਨੂੰ ਪੁਲਿਸ ਲਾਈਨ ਦੇ ਮੁਨਸ਼ੀ ਏਐਸਆਈ ਬਲਵੀਰ ਸਿੰਘ ਨੇ ਦੱਸਿਆ ਕਿ ਕੇਦੀ ਸੁਖਬੀਰ ਸਿੰਘ ਸਿਵਲ ਹਸਪਤਾਲ ਵਿਚ ਨਹੀਂ ਹੈ। ਲਾਈਨ ਅਪਸਰ ਜਸਵਿੰਦਰ ਪਾਲ ਏਐਸਆਈ ਪ੍ਰਿਤਪਾਲ ਸਿੰਘ ਨੂੰ ਲੈ ਕੇ ਸਿਵਲ ਹਸਪਤਾਲ ਪਹੁੰਚੇ। ਉਥੇ ਗਾਰਦ ਇੰਚਾਰਜ ਏਐਸਆਈ ਸੁਰਜੀਤ ਸਿੰਘ ਨੇ ਕਿਹਾ ਕਿ ਕੈਦੀ ਸੁਖਬੀਰ ਸਾਬੀ ਦੇ ਕੋਲ ਜਾਣ ਲਈ ਪੀਪੀਈ ਕਿਟ ਪਹਿਨਣਾ ਜ਼ਰੂਰੀ ਹੈ, ਇਸ ਲਈ ਉਥੇ ਵੱਖਰੇ ਤੌਰ ’ਤੇ ਸਿਹਤ ਮੁਲਾਜ਼ਮਾਂ ਦੀ ਡਿਊਟੀ ਲੱਗੀ ਹੋਈ ਹੈ। ਜਿਸ ਕਮਰੇ ਵਿਚ ਕੈਦੀ ਸੀ, ਉਸ ਦੇ ਸਾਹਮਣੇ ਵਾਲੇ ਕਮਰੇ ਤੋਂ ਉਹ ਪੀਣ ਦਾ ਪਾਣੀ ਲੈਂਦੇ ਸਨ। ਉਥੇ ਲੱਗੇ ਲੋਹੇ ਦੇ ਦਰਵਾਜ਼ੇ ਦੇ ਕੁੰਡੇ ਨੂੰ ਤੋੜ ਕੇ ਕੈਦੀ ਛੱਤ ਤੋਂ ਹੇਠਾਂ ਜਾਂਦੀਆਂ ਪਾਈਪਾਂ ਰਾਹੀਂ ਉਤਰ ਕੇ ਫਰਾਰ ਹੋ ਗਿਆ। ਕੈਦੀ ਦੇਫਰਾਰ ਹੋਣ ਦੀ ਖਬਰ ਮਿਲਦੇ ਹੀ ਦਿਹਾਤ ਪੁਲਿਸ ਵਿਚ ਭਾਜੜਾਂ ਪੈ ਗਈਆਂ। ਇਸ ਤੋਂ ਬਾਅਦ ਤੁਰੰਤ ਨਕੋਦਰ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਵੱਖ-ਵੱਖ ਪਾਰਟੀਆਂ ਬਣਾ ਕੇ ਕੈਦੀ ਦੀ ਭਾਲ ਸ਼ੁਰੂ ਕੀਤੀ ਗਈ। ਜਲੰਧਰ ਦਿਹਾਤੀ ਅਤੇ ਥਾਣਾ ਨੰਬਰ ਚਾਰ ਦੀ ਪੁਲਿਸ ਵੱਲੋਂ ਕੈਦੀ ਦੀ ਭਾਲ ਕੀਤੀ ਜਾ ਰਹੀ ਹੈ।