ਚੰਡੀਗੜ੍ਹ : ਕੋਰੋਨਾ ਮਹਾਮਾਰੀ ਖਿਲਾਫ ਲੜਾਈ ਲਈ ਸਰਕਾਰ ਵੱਲੋਂ ਵਿੱਢੀ ਮੁਹਿੰਮ ਅਧੀਨ ਪੰਜਾਬ ਵਿੱਚ ਅੱਜ ਵੱਡੇ ਪੱਧਰ ‘ਤੇ ਟੀਕਾਕਰਨ ਕੀਤਾ ਗਿਆ, ਜਿਸ ਵਿੱਚ ਪੰਜ ਲੱਖ ਤੋਂ ਵੱਧ ਲੋਕਾਂ ਨੂੰ ਵੈਕਸੀਨ ਲਗਾਈ ਗਈ।
ਇਹ ਜਾਣਕਾਰੀ ਦਿੰਦਿਆਂ ਕੋਵਿਡ ਟੀਕਾਕਰਨ ਦੇ ਸਟੇਟ ਨੋਡਲ ਅਫਸਰ ਵਿਕਾਸ ਗਰਗ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਅੱਜ 3 ਜੁਲਾਈ ਨੂੰ ਇਕ ਦਿਨ ਵਿੱਚ 5.14 ਲੱਖ ਟੀਕੇ ਲਗਾਉਣ ਦੇ ਨਿਰਧਾਰਤ ਕੀਤੇ ਟੀਚੇ ਨੂੰ ਕਰੀਬ-ਕਰੀਬ ਪੂਰਾ ਕਰਦਿਆਂ ਸੂਬੇ ਵਿੱਚ 5 ਲੱਖ ਤੋਂ ਵੱਧ ਟੀਕੇ ਲਗਾਏ ਗਏ। ਇਸ ਦੇ ਨਾਲ ਹੀ ਹੁਣ ਤੱਕ ਪੰਜਾਬ ਵਿੱਚ ਟੀਕਿਆਂ ਦੀਆਂ 78 ਲੱਖਾਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।
ਇਹ ਅੰਕੜੇ 18 ਸਾਲ ਤੋਂ ਵੱਧ ਹਰ ਉਮਰ ਵਰਗ ਤੇ ਤਰਜੀਹੀ ਵਰਗਾਂ ਨੂੰ ਮਿਲਾ ਕੇ ਕੁੱਲ ਗਿਣਤੀ ਦੇ ਹਨ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਅੱਜ ਮੈਗਾ ਟੀਕਾਕਰਨ ਕੀਤਾ ਗਿਆ, ਜਿਨ੍ਹਾਂ ਵਿੱਚ ਲੁਧਿਆਣਾ, ਪਟਿਆਲਾ, ਹੁਸ਼ਿਆਰਪੁਰ, ਮੁਕਤਸਰ, ਗੁਰਦਾਸਪੁਰ, ਐਸ.ਏ.ਐਸ. ਨਗਰ (ਮੁਹਾਲੀ), ਕਪੂਰਥਲਾ ਤੇ ਪਠਾਨਕੋਟ ਸ਼ਾਮਲ ਹਨ ਜਿਨ੍ਹਾਂ ਨੇ ਨਿਰਧਾਰਤ ਟੀਚੇ ਤੋਂ ਵੱਧ ਖੁਰਾਕਾਂ ਲਗਾਈਆਂ ਹਨ।
ਇਹ ਵੀ ਪੜ੍ਹੋ : ਰਾਹਤ ਭਰੀ ਖਬਰ : ਪੰਜਾਬ ‘ਚ ਹਲਕੇ ਮੀਂਹ ਤੇ ਪਾਬੰਦੀਆਂ ਨਾਲ ਘਟੀ ਬਿਜਲੀ ਦੀ ਮੰਗ, ਰੋਪੜ ਦਾ ਬੰਦ ਯੂਨਿਟ ਚਾਲੂ
ਹਾਲਾਂਕਿ ਅਜੇ ਤੱਕ ਕੋਵਿਨ ਉਤੇ ਇਸ ਦਾ ਡਾਟਾ ਪੂਰਾ ਹਾਲੇ ਡਾਟਾ ਅਪਲੋਡ ਹੋ ਰਿਹਾ ਹੈ ਜਿਸ ਤੋਂ ਬਾਅਦ ਉਮੀਦ ਹੈ ਕਿ ਪੰਜਾਬ ਵਿੱਚ ਇਕ ਦਿਨ ਵਿੱਚ 6 ਲੱਖ ਤੋਂ ਵੱਧ ਖੁਰਾਕਾਂ ਦਾ ਅੰਕੜਾ ਪਾਰ ਹੋ ਸਕਦਾ ਹੈ।