Court sends former SHO Pandher : ਕੋਟਕਪੂਰਾ ਗੋਲੀਕਾਂਡ ਮਾਮਲੇ ਵਿਚ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਵੱਲੋਂ ਗ੍ਰਿਫਤਾਰ ਕੀਤੇ ਗਏ ਸਾਬਕਾ ਐਸਐਚਓ ਗੁਰਦੀਪ ਸਿੰਘ ਪੰਧੇਰ ਨੂੰ ਅਦਾਲਤ ਵੱਲੋਂ ਇਕ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜਿਆ ਗਿਆ ਸੀ ਤੇ ਅੱਜ ਰਿਮਾਂਡ ਖਤਮ ਹੋਣ ਤੋਂ ਬਾਅਦ ਉਸ ਨੂੰ ਡਿਊਟੀ ਮੈਜਿਸਟ੍ਰੇਟ ਹਰਵਿੰਦਰ ਸਿੰਘ ਸਿੰਧੀਆ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿਸ ’ਤੇ ਅਦਾਲਤ ਵੱਲੋਂ ਸਾਬਕਾ ਐਸਐਚਓ ਪੰਧੇਰ ਨੂੰ 14 ਦਿਨਾਂ ਲਈ ਜੇਲ੍ਹ ਵਿਚ ਭੇਜਣ ਦੀ ਹੁਕਮ ਜਾਰੀ ਕੀਤੇ ਗਏ ਹਨ।
ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਸਪੈਸ਼ਲ਼ ਇਨਵੈਸਟਿਗੇਸ਼ਨ ਟੀਮ (SIT) ਵੱਲੋਂ SHO ਇੰਸਪੈਕਟਰ ਗੁਰਦੀਪ ਸਿੰਘ ਪੰਧੇਰ ਨੂੰ ਅੰਮ੍ਰਿਤਸਰ ਵਿਖੇ ਪੁੱਛ-ਗਿਛ ਲਈ ਬੁਲਾਇਆ ਗਿਆ ਸੀ, ਜਿਥੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਦੱਸਣਯੋਗ ਹੈ ਕਿ ਐਸਐਚਓ ਗੁਰਦੀਪ ਸਿੰਘ ਪੰਧੇਰ ’ਤੇ ਧਰਨੇ ’ਤੇ ਬੈਠੀਆਂ ਸੰਗਤਾਂ ਨੂੰ 14 ਅਕਤੂਬਰ 2015 ਨੂੰ ਦੋਸ਼ੀ ਸਿੱਧ ਕਰਨ ਲਈ ਮੁਕੱਦਮਾ ਨੰਬਰ 192 ’ਚ ਆਈਪੀਸੀ ਅਤੇ ਆਰਮਸ ਐਕਟ ਦੀਆਂ ਸੰਗੀਨ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਅਤੇ ਉਸ ਨੇ ਸਰਕਾਰੀ ਕਾਰਤੂਸ ਚਲਾਉਣ ਸਬੰਧੀ ਝੂਠੇ ਸਬੂਤ ਪੈਦਾ ਕੀਤੇ ਅਤੇ ਕਿਹਾ ਕਿ ਪੁਲਿਸ ਨੇ ਸਵੈ-ਰੱਖਿਆ ਲਈ ਗੋਲੀਆਂ ਚਲਾਈਆਂ ਸਨ।
ਉਸ ਨੇ ਕਿਹਾ ਸੀ ਕਿ ਪੁਲਿਸ ਮੁਲਾਜ਼ਮ ਗੁਰਬਿੰਦਰ ਸਿੰਘ, ਬਲਵੰਤ ਸਿੰਗ, ਜੰਗ ਸਿੰਘ ਅਤੇ ਦੋ ਹੋਰ ਪੁਲਿਸ ਮੁਲਾਜ਼ਮਾਂ ਨੇ ਦੋ-ਦੋ ਫਾਇਰ ਕੀਤੇ ਸਨ ਪਰ ਅਦਾਲਤ ਵਿਚ ਉਕਤ ਸਾਰੇ ਮੁਲਾਜ਼ਮਾਂ ਨੇ ਉਸ ਸਮੇਂ ਕੋਈ ਵੀ ਫਾਇਰਿੰਗ ਨਾ ਹੋਣ ਦੀ ਗੱਲ ਕਹੀ।