ਫਿਰੋਜ਼ਪੁਰ ਦੇ ਪਿੰਡ ਮਿਰਚੇ ਵਿਚ ਫੌਜ ਤੋਂ ਰਿਟਾਇਰਡ ਕੈਪਟਨ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ। ਵਾਰਦਾਤ ਵਾਲੀ ਥਾਂ ‘ਤੇ ਮਿਰਚ ਪਾਊਡਰ ਤੇ ਖਿੜਕੀ ਨਾਲ ਬੰਨ੍ਹਿਆ ਕੱਪੜਾ ਮਿਲਿਆ ਹੈ। ਖਦਸ਼ਾ ਹੈ ਕਿ ਲੁੱਟਮਾਰ ਕਰਨ ਪਹੁੰਚੇ ਲੁਟੇਰਿਆਂ ਨੇ ਵਿਰੋਧ ਕਰਨ ‘ਤੇ ਵਾਰਦਾਤ ਨੂੰ ਅੰਜਾਮ ਦਿੱਤਾ। ਕੋਠੀ ਦੀ ਛੱਤ ‘ਤੇ ਚੜ੍ਹਨ ਲਈ ਲੱਕੜੀ ਦੀ ਪੌੜੀ ਦਾ ਇਸਤੇਮਾਲ ਕੀਤਾ ਗਿਆ ਹੈ। ਘਟਨਾ ਦੀ ਖਬਰ ਮਿਲਦੇ ਹੀ ਪੁਲਿਸ ਨੇ ਫੋਰੈਂਸਿੰਕ ਟੀਮ ਜਾਂਚ ਲਈ ਭੇਜੀ।
ਰਿਟਾਇਰਡ ਕੈਪਟਨ ਘਰ ‘ਤੇ ਇਕੱਲੇ ਰਹਿੰਦੇ ਸਨ।ਉਨ੍ਹਾਂ ਦੀ ਪਤਨੀ ਦਾ ਦੇਹਾਂਤ ਹੋ ਚੁੱਕਾ ਹੈ ਤੇ ਪੁੱਤਰ ਵਿਦੇਸ਼ ਵਿਚ ਰਹਿੰਦਾ ਹੈ। ਮ੍ਰਿਤਕ ਕੈਪਟਨ ਦੀ ਪਛਾਣ ਜਗਜੀਤ ਸਿੰਘ ਵਜੋਂ ਹੋਈ ਹੈ। ਉਨ੍ਹਾਂ ਦੀ ਉਮਰ 62 ਸਾਲ ਦੱਸੀ ਜਾ ਰਹੀ ਹੈ। ਜਾਣਕਾਰੀ ਦਿੰਦਿਆਂ ਕੈਪਟਨ ਦੇ ਸਾਲੇ ਨੇ ਦੱਸਿਆ ਕਿ ਉਨ੍ਹਾਂ ਦੇ ਜੀਜੇ ਨੇ ਅੱਜ ਕਿਸੇ ਵਿਆਹ ‘ਤੇ ਜਾਣਾ ਸੀ। ਕੱਪੜੇ ਪ੍ਰੈੱਸ ਕਰਨ ਲਈ ਧੋਬੀ ਨੂੰ ਦਿੱਤੇ ਸਨ। ਅੱਜ ਸਵੇਰੇ ਉਹ ਨਾ ਤਾਂ ਦੁੱਥ ਲੈਣ ਪਹੁੰਚੇ ਤੇ ਨਾ ਹੀ ਕੱਪੜੇ ਲੈਣ। ਜਦੋਂ ਧੋਬੀ ਕੱਪੜੇ ਦੇਣ ਕੋਠੀ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਕੈਪਟਨ ਦੀ ਲਾਸ਼ ਬੈੱਡ ਦੇ ਹੇਠਾਂ ਪਈ ਹੈ। ਧੋਬੀ ਨੇ ਪੂਰੇ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ।
ਉਨ੍ਹਾਂ ਦੱਸਿਆ ਕਿ ਕੋਠੀ ਦੇ ਕਮਰੇ ਵਿਚ ਸਾਮਾਨ ਬਿਖਰਿਆ ਪਿਆ ਹੈ। ਲਾਲ ਮਿਰਚ ਪਾਊਡਰ ਕੋਠੀ ਦੀ ਛੱਤ ਤੇ ਕਮਰੇ ਵਿਚ ਡਿੱਗਿਆ ਮਿਲਿਆ। ਇੰਝ ਲੱਗਦਾ ਹੈ ਕਿ ਹਤਿਆਰਿਆਂ ਨੇ ਅੱਖ ਵਿਚ ਮਿਰਚ ਪਾਊਡਰ ਪਾ ਕੇ ਲੁੱਟ ਕਰਨੀ ਚਾਹੀ। ਹਤਿਆਰੇ ਲੱਕੜੀ ਦੀ ਪੌੜੀ ਨਾਲ ਕੋਠੀ ਦੀ ਛੱਤ ‘ਤੇ ਚੜ੍ਹੇ ਤੇ ਉਪਰ ਦੀ ਖਿੜਕੀ ਆਰੀ ਨਾਲ ਕੱਟ ਕੇ ਅੰਦਰ ਦਾਖਲ ਹੋਏ।
ਦੂਜੇ ਪਾਸੇ ਕੈਪਟਨ ਜਗਜੀਤ ਦੇ ਕਮਰੇ ਦੀ ਖਿੜਕੀ ‘ਤੇ ਪਗਰੀ ਬੰਨ੍ਹੀ ਮਿਲੀ। ਇਸ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਹਤਿਆਰਿਆਂ ਨੇ ਜਗਜੀਤ ਨੂੰ ਬੰਨ੍ਹਣ ਦੀ ਕੋਸ਼ਿਸ਼ ਕੀਤੀ ਪਰ ਵਿਰੋਧ ਕਰਨ ‘ਤੇ ਸਿਰ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ। ਘਰ ਤੋਂ ਚੋਰੀ ਹੋਏ ਸਮਾਨ ਬਾਰੇ ਅਜੇ ਜਾਣਕਾਰੀ ਨਹੀਂ ਮਿਲੀ ਹੈ।
ਇਹ ਵੀ ਪੜ੍ਹੋ : ਰਾਜਸਥਾਨ ‘ਚ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਖਿੱਚੀ ਤਿਆਰੀ, ਸਾਬਕਾ MLA ਜੀਤਮਹਿੰਦਰ ਸਿੰਘ ਨੂੰ ਸੌਂਪੀ ਅਹਿਮ ਜ਼ਿੰਮੇਵਾਰੀ
ਪੁਲਿਸ ਨੇ ਕਿਹਾ ਕਿ ਘਟਨਾ ਵਾਲੀ ਥਾਂ ਨੂੰ ਦੇਖ ਕੇ ਇੰਝ ਲੱਗ ਰਿਹਾ ਹੈ ਕਿ ਹਤਿਆਰੇ ਲੁੱਟ ਦੀ ਨੀਅਤ ਨਾਲ ਆਏ ਸਨ। ਕੈਪਟਨ ਨੇ ਉਨ੍ਹਾਂ ਨੂੰ ਪਛਾਣ ਲਿਆ ਹੋਵੇਗਾ। ਹੋ ਸਕਦਾ ਹੈ ਇਸੇ ਵਜ੍ਹਾ ਨਾਲ ਹੱਤਿਆ ਕਰ ਦਿੱਤੀ ਗਈ। ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਹੀ ਮੁਲਜ਼ਮਾਂ ਨੂੰ ਫੜ ਲਿਆ ਜਾਵੇਗਾ।