Death in Panchkula due to Corona : ਚੰਡੀਗੜ੍ਹ ’ਚ ਕੋਰੋਨਾ ਦੇ ਕਹਿਰ ਦੇ ਚੱਲਦਿਆਂ ਅੱਜ ਸ਼ੁੱਕਰਵਾਰ ਨੂੰ ਪੰਚਕੂਲਾ ਨਾਲ ਇਕ ਹੋਰ ਬਜ਼ੁਰਗ ਦੀ ਮੌਤ ਹੋ ਗਈ। ਇਸ ਦੀ ਪੁਸ਼ਟੀ ਕਰਦਿਆਂ ਪੰਚਕੂਲਾ ਦੀ ਸਿਵਲ ਸਰਜਨ ਡਾ. ਜਸਜੀਤ ਕੌਰ ਨੇ ਦੱਸਿਆ ਕਿ ਚੰਡੀਗੜ੍ਹ ਦੇ ਮੌਲੀਜਾਗਰਾਂ ਨਿਵਾਸੀ ਬਜ਼ੁਰਗ ਨੂੰ ਦਿਲ ਦੀ ਬੀਮਾਰੀ ਕਾਰਨ ਪੰਚਕੂਲਾ ਦੇ ਸੈਕਟਰ-6 ਨਾਗਰਿਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਅੱਜ ICU ’ਚ ਇਲਾਜ ਦੌਰਾਨ ਗੰਭੀਰ ਹਾਲਤ ਦੇ ਚੱਲਦਿਆਂ ਉਨ੍ਹਾਂ ਨੇ ਦਮ ਤੋੜ ਦਿੱਤਾ। ਉਧਰ ਮੋਹਾਲੀ ਵਿਚ ਵੀ ਅੱਜ ਜਿਥੇ ਕੋਰੋਨਾ ਦੇ 147 ਮਾਮਲੇ ਦਰਜ ਕੀਤੇ ਗਏ ਉਥੇ ਇਕ ਮਰੀਜ਼ ਦੀ ਮੌਤ ਹੋ ਜਾਣ ਦੀ ਵੀ ਖਬਰ ਆਈ।
ਦੱਸਣਯੋਗ ਹੈ ਕਿ ਮੋਹਾਲੀ ਜ਼ਿਲ੍ਹੇ ਤੋਂ ਸਾਹਮਣੇ ਆਏ ਮਰੀਜ਼ਾਂ ਵਿਚੋਂ 66 ਮਾਮਲੇ ਮੋਹਾਲੀ, 13 ਜ਼ੀਰਕਪੁਰ, 8 ਲਾਲੜੂ, 14 ਕੁਰਾਲੀ, 19 ਖਰੜ, 3 ਗੌਰਾਂ, 15 ਧਕੋਲੀ ਅਤੇ 9 ਡੇਰਾਬੱਸੀ ਨਾਲ ਸਬੰਧਤ ਹਨ। ਉਥੇ ਹੀ ਮੁਬਾਰਿਕਪੁਰ ਦੀ 40 ਸਾਲਾ ਔਰਤ ਜੋਕਿ ਸ਼ੂਗਰ ਦੀ ਮਰੀਜ਼ ਸੀ, ਨੇ ਜੀਐਮਸੀਐਚ ਪਟਿਆਲਾ ਵਿਖੇ ਦਮ ਤੋੜਿਆ। ਹੁਣ ਜ਼ਿਲ੍ਹੇ ਵਿਚ ਕੋਰੋਨਾ ਪੀੜਤਾਂ ਦਾ ਅੰਕੜਾ 2417 ਤੱਕ ਪਹੁੰਚ ਗਿਆ ਹੈ। ਅੱਜ 49 ਮਰੀਜ਼ਾਂ ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਦੇ ਕੇ ਘਰਾਂ ਲਈ ਰਵਾਨਾ ਕੀਤਾ ਗਿਆ।
ਦੱਸ ਦੇਈਏ ਕਿ ਹੁਣ ਤੱਕ ਜ਼ਿਲ੍ਹੇ ਵਿਚ 1255 ਮਰੀਜ਼ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ ਉਥੇ ਹੀ 46 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਸਮੇਂ ਜ਼ਿਲ੍ਹੇ ਵਿਚ ਕੋਰੋਨਾ ਦੇ ਕੁਲ 1116 ਐਕਟਿਵ ਮਾਮਲੇ ਹਨ, ਜਿਨ੍ਹਾਂ ਦਾ ਹਸਪਤਾਲਾਂ ਵਿਚ ਇਲਾਜ ਚੱਲ ਰਿਹਾ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਚੰਡੀਗੜ੍ਹ ਵਿਚ ਕੋਰੋਨਾ ਦੇ 119, ਪੰਚਕੂਲਾ ਵਿਚ 107 ਤੇ ਮੋਹਾਲੀ ਵਿਚ 132 ਨਵੇਂ ਮਰੀਜ਼ ਸਾਹਮਣੇ ਆਏ ਸਨ। ਪੰਚਕੂਲਾ ਵਿਚ ਇਕ ਅਤੇ ਮੋਹਾਲੀ ਵਿਚ ਦੋ ਮਰੀਜ਼ਾਂ ਨੇ ਕੋਰੋਨਾ ਦੇ ਚੱਲਦਿਆਂ ਦਮ ਤੋੜ ਦਿੱਤਾ ਸੀ।