Detainee arrested in Kartapur police : ਜਲੰਧਰ ਦੇ ਕਰਤਾਰਪੁਰ ਦੇ ਪੁਲਿਸ ਥਾਣੇ ਵਿਚ ਇਕ ਹਵਾਲਾਤੀ ਨੇ ਖੁਦਕੁਸ਼ੀ ਕਰ ਲਈ। ਉਸਨੂੰ ਸ਼ਨੀਵਾਰ ਨੂੰ ਲੁੱਟ-ਖੋਹ ਦੇ ਦੋਸ਼ ਵਿੱਚ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਉਸਨੂੰ ਸ਼ਨੀਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਸ ਤੋਂ ਬਾਅਦ ਉਸਨੂੰ ਨਿਆਂਇਕ ਰਿਮਾਂਡ ‘ਤੇ ਜੇਲ ਭੇਜ ਦਿੱਤਾ ਗਿਆ ਪਰ ਕਾਲਾ ਪੀਲੀਆ ਹੋਣ ਕਾਰਨ ਉਸਦਾ ਪੁਲਿਸ ਨੇ ਟੈਸਟ ਕਰਵਾਉਣਾ ਸੀ। ਇਸ ਤੋਂ ਪਹਿਲਾਂ ਹੀ ਉਸ ਨੇ ਰਾਤ ਨੂੰ ਲਾਕਅਪ ਦੀ ਗਰਿੱਲ ਨਾਲ ਉਸ ਨੂੰ ਦਿੱਤੇ ਕੰਬਲ ਨਾਲ ਫਾਹਾ ਲੈ ਕੇ ਜਾਨ ਦੇ ਦਿੱਤੀ। ਖ਼ੁਦਕੁਸ਼ੀ ਦੀ ਸੂਚਨਾ ਮਿਲਦੇ ਹੀ ਪੁਲਿਸ ਦੇ ਉੱਚ ਅਧਿਕਾਰੀ ਕਰਤਾਰਪੁਰ ਥਾਣੇ ਪਹੁੰਚ ਗਏ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਮੁੱਢਲੀ ਜਾਣਕਾਰੀ ਦੇ ਅਨੁਸਾਰ ਕਰਤਾਰਪੁਰ ਪੁਲਿਸ ਨੇ ਸ਼ਨੀਵਾਰ ਨੂੰ ਕਪੂਰਥਲਾ ਦੇ ਪਿੰਡ ਮੁੱਦੋਵਾਲ ਨਿਵਾਸੀ ਜਤਿੰਦਰ ਸਿੰਘ ਉਰਫ ਕਾਲਾ ਨੂੰ ਲੁੱਟ-ਖੋਹ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਸੀ। ਉਸ ਖ਼ਿਲਾਫ਼ ਕੇਸ ਦਰਜ ਕਰਨ ਤੋਂ ਬਾਅਦ ਹਵਾਲਾਤ ਵਿੱਚ ਬੰਦ ਕਰ ਦਿਤਾ ਗਿਆ ਸੀ। ਰਾਤ ਨੂੰ ਪੁਲਿਸ ਨੇ ਉਸਨੂੰ ਖਾਣਾ ਦਿੱਤਾ ਅਤੇ ਉਸ ਤੋਂ ਬਾਅਦ ਉਹ ਸੌਂ ਗਿਆ। ਜਦੋਂ ਪੁਲਿਸ ਮੁਲਾਜ਼ਮ ਐਤਵਾਰ ਸਵੇਰੇ ਲਾਕਅਪ ਵੱਲ ਗਿਆ ਤਾਂ ਉਸਨੇ ਵੇਖਿਆ ਕਿ ਜਤਿੰਦਰ ਕਾਲਾ ਦੀ ਲਾਸ਼ ਲਾਕਅਪ ਦੀ ਗਰਿੱਲ ‘ਤੇ ਲਟਕ ਰਹੀ ਸੀ।
ਕਰਤਾਰਪੁਰ ਦੇ ਡੀਐਸਪੀ ਸੁਖਪਾਲ ਸਿੰਘ ਨੇ ਦੱਸਿਆ ਕਿ ਖੁਦਕੁਸ਼ੀ ਕਰਨ ਵਾਲੇ ਹਵਾਲਾਤੀ ਖਿਲਾਫ ਪਹਿਲਾਂ ਵੀ ਕਰਤਾਰਪੁਰ ਥਾਣੇ ਵਿੱਚ ਮਾਮਲਾ ਦਰਜ ਹੈ। ਪੁਲਿਸ ਨੇ ਦੋ ਵਿਅਕਤੀਆਂ ਨੂੰ ਕੁਝ ਦਿਨ ਪਹਿਲਾਂ ਗ੍ਰਿਫਤਾਰ ਕੀਤਾ ਸੀ। ਉਸ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਖੁਦਕੁਸ਼ੀ ਕਰਨ ਵਾਲੇ ਵਿਅਕਤੀ ਦਾ ਨਾਮ ਸਾਹਮਣੇ ਆਇਆ। ਜਿਸ ਤੋਂ ਬਾਅਦ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਥਾਣਾ ਕਰਤਾਰਪੁਰ ਦੇ ਵਧੀਕ ਐਸਐਚਓ ਸਬ ਇੰਸਪੈਕਟਰ ਆਤਮਜੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਕਰਮਚਾਰੀਆਂ ਦੀ ਲਾਪ੍ਰਵਾਹੀ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ।