ਮਸ਼ਹੂਰ ਫਿਲਮ ਨਿਰਮਾਤਾ, ਨਿਰਦੇਸ਼ਕ, ਗੀਤਕਾਰ ਅਤੇ ਲੇਖਕ ਸਾਵਨ ਕੁਮਾਰ ਟਾਕ ਦਾ ਅੱਜ ਸ਼ਾਮ ਕਰੀਬ 4.15 ਵਜੇ ਮੁੰਬਈ ਦੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਵਿੱਚ ਦਿਹਾਂਤ ਹੋ ਗਿਆ। ਉਹ 86 ਸਾਲ ਦੇ ਸਨ। ਮਿਲੀ ਜਾਣਕਾਰੀ ਮੁਤਾਬਕ ਉਨ੍ਹਾਂ ਦੀ ਮੌਤ ਹਾਰਟ ਅਟੈਕ ਤੇ ਮਲਟੀਪਲ ਆਰਗਨ ਫੇਲ ਹੋਣ ਕਾਰਨ ਹੋਈ ਹੈ।
ਦੱਸਿਆ ਜਾਂਦਾ ਹੈ ਕਿ ਸਾਵਨ ਕੁਮਾਰ ਟਾਕ ਲੰਬੇ ਸਮੇਂ ਤੋਂ ਫੇਫੜਿਆਂ ਦੀ ਬਿਮਾਰੀ ਤੋਂ ਪੀੜਤ ਸਨ। ਪਿਛਲੇ ਕਈ ਦਿਨਾਂ ਤੋਂ ਉਹ ਬਹੁਤ ਕਮਜ਼ੋਰ ਮਹਿਸੂਸ ਕਰ ਰਹੇ ਸਨ ਅਤੇ ਉਨ੍ਹਾਂ ਨੂੰ ਬੁਖਾਰ ਹੋ ਰਿਹਾ ਸੀ। ਹਸਪਤਾਲ ‘ਚ ਦਾਖਲ ਕਰਵਾਉਣ ਤੋਂ ਬਾਅਦ ਪਤਾ ਲੱਗਾ ਕਿ ਉਸ ਦੇ ਫੇਫੜੇ ਪੂਰੀ ਤਰ੍ਹਾਂ ਨਾਲ ਖਰਾਬ ਹੋ ਚੁੱਕੇ ਹਨ। ਆਈ.ਸੀ.ਯੂ ‘ਚ ਇਲਾਜ ਲਈ ਦਾਖਲ ਸਾਵਨ ਕੁਮਾਰ ਦਾ ਦਿਲ ਵੀ ਠੀਕ ਤਰ੍ਹਾਂ ਕੰਮ ਨਹੀਂ ਕਰ ਰਿਹਾ ਸੀ। ਅਜਿਹੇ ‘ਚ ਉਨ੍ਹਾਂ ਦੀ ਹਾਲਤ ਕਾਫੀ ਨਾਜ਼ੁਕ ਹੋ ਗਈ ਸੀ।
ਦੱਸ ਦੇਈਏ ਕਿ ਚਾਰ ਦਹਾਕਿਆਂ ਤੋਂ ਵੱਧ ਲੰਬੇ ਆਪਣੇ ਕਰੀਅਰ ਵਿੱਚ ਉਨ੍ਹਾਂ ਨੇ ਮੀਨਾ ਕੁਮਾਰੀ, ਸੰਜੀਵ ਕੁਮਾਰ ਤੋਂ ਲੈ ਕੇ ਸਲਮਾਨ ਖਾਨ ਵਰਗੇ ਸਾਰੇ ਵੱਡੇ ਸਿਤਾਰਿਆਂ ਨਾਲ ਕੰਮ ਕੀਤਾ ਹੈ। ਸਾਵਨ ਕੁਮਾਰ ਟਾਕ ਨੇ ਬਤੌਰ ਨਿਰਮਾਤਾ ਆਪਣੀ ਪਹਿਲੀ ਫ਼ਿਲਮ ‘ਨੌਨਿਹਾਲ’ ਬਣਾਈ, ਜਿਸ ਵਿੱਚ ਸੰਜੀਵ ਕੁਮਾਰ ਨੇ ਵੀ ਅਹਿਮ ਭੂਮਿਕਾ ਨਿਭਾਈ। ਸਾਵਨ ਕੁਮਾਰ ਟਾਕ ਨੇ ਅਦਾਕਾਰਾ ਮੀਨਾ ਕੁਮਾਰੀ ਨਾਲ ਬਤੌਰ ਨਿਰਦੇਸ਼ਕ ਆਪਣੀ ਪਹਿਲੀ ਫ਼ਿਲਮ ਬਣਾਈ ਜੋ 1972 ਵਿੱਚ ਰਿਲੀਜ਼ ਹੋਈ ਅਤੇ ਫ਼ਿਲਮ ਦਾ ਨਾਂ ‘ਗੋਮਤੀ ਕੇ ਕਿਨਾਰੇ’ ਸੀ। ਸੰਜੀਵ ਕੁਮਾਰ, ਮੀਨਾ ਕੁਮਾਰੀ ਤੋਂ ਇਲਾਵਾ ਉਨ੍ਹਾਂ ਨੇ ਰਾਜੇਸ਼ ਖੰਨਾ, ਜਤਿੰਦਰ, ਸ਼੍ਰੀਦੇਵੀ, ਜਯਾ ਪ੍ਰਦਾ, ਸਲਮਾਨ ਖਾਨ ਵਰਗੇ ਸਾਰੇ ਵੱਡੇ ਸਿਤਾਰਿਆਂ ਨਾਲ ਕੰਮ ਕਰਕੇ ਵੱਡੀਆਂ ਹਿੱਟ ਫਿਲਮਾਂ ਦਿੱਤੀਆਂ।
ਇਨ੍ਹਾਂ ਤੋਂ ਇਲਾਵਾ ਜਿਨ੍ਹਾਂ ਫਿਲਮਾਂ ਦੇ ਨਿਰਮਾਣ ਅਤੇ ਨਿਰਦੇਸ਼ਨ ਦਾ ਸਿਹਰਾ ਉਨ੍ਹਾਂ ਨੂੰ ਜਾਂਦਾ ਹੈ ਉਨ੍ਹਾਂ ਵਿੱਚ ‘ਹਵਸ’, ‘ਸੌਤਨ’, ‘ਸਾਜਨ ਬਿਨ ਸੁਹਾਗਨ’, ‘ਸੌਤਨ ਕੀ ਬੇਟੀ’, ‘ਸਨਮ ਬੇਵਫਾ’, ‘ਬੇਵਫਾ ਸੇ ਵਫਾ’, ‘ਖਲਨਾਇਕਾ’, ‘ਮਾਂ’, ‘ਸਲਮਾ ਪੇ ਦਿਲ ਆ ਗਿਆ’, ‘ਸਨਮ ਹਰਜਾਈ’, ‘ਚਾਂਦ ਕਾ ਟੁਕੜਾ’ ਆਦਿ ਫਿਲਮਾਂ ਸ਼ਾਮਲ ਹਨ। ਸਾਵਨ ਕੁਮਾਰ ਨੂੰ ਔਰਤਾਂ ਪੱਖੀ ਫਿਲਮਾਂ ਬਣਾਉਣ ਲਈ ਜਾਣਿਆ ਜਾਂਦਾ ਹੈ।
ਜੈਪੁਰ, ਰਾਜਸਥਾਨ ਵਿੱਚ ਪਦਾ ਸਾਵਨ ਕੁਮਾਰ ਟਾਕ ਨੂੰ ਫਿਲਮਾਂ ਦੇ ਨਿਰਮਾਣ ਅਤੇ ਨਿਰਦੇਸ਼ਨ ਤੋਂ ਇਲਾਵਾ ਕਵਿਤਾ ਅਤੇ ਗੀਤ ਲਿਖਣ ਦਾ ਬਹੁਤ ਸ਼ੌਕ ਸੀ। ਅਜਿਹੇ ‘ਚ ਉਨ੍ਹਾਂ ਨੇ ਆਪਣੀਆਂ ਫਿਲਮਾਂ ਤੋਂ ਇਲਾਵਾ ਹੋਰ ਫਿਲਮ ਨਿਰਮਾਤਾਵਾਂ ਲਈ ਅਤੇਆਪਣੀਆਂ ਕਈ ਫਿਲਮਾਂ ਲਈ ਗੀਤ ਲਿਖੇ, ਜਿਨ੍ਹਾਂ ‘ਚੋਂ ਕਈ ਸੁਪਰਹਿੱਟ ਸਾਬਤ ਹੋਈਆਂ।
ਸਾਵਨ ਕੁਮਾਰ ਟਾਕ ਦੁਆਰਾ ਲਿਖਿਆ ਅਤੇ ਸ਼ਤਰੂਘਨ ਸਿਨਹਾ ਅਤੇ ਪੂਨਮ ਸਿਨਹਾ ‘ਤੇ ਚਿੱਤਰਿਤ ਫਿਲਮ ਸਬਕ (1973) ਦਾ ਗੀਤ ‘ਬਰਖਾ ਰਾਣੀ ਜ਼ਰਾ ਜਮਕੇ ਬਰਸੋ’, ਸਾਵਨ ਕੁਮਾਰ ਟਾਕ ਦੀ ਨਿਰਦੇਸ਼ਿਤ ਫਿਲਮ ਸੌਤਨ (1983) ਦਾ ‘ਜ਼ਿੰਦਗੀ ਪਿਆਰ ਕਾ ਗੀਤ’ ਅਤੇ ਫਿਲਮ ‘ਹਵਸ’ ‘ਚ ‘ਤੇਰੀ ਗਲੀਓਂ ਮੈਂ ਨਾ ਰਹੇਂਗੇ ਕਦਮ’ ਕਾਫੀ ਮਸ਼ਹੂਰ ਹੋਏ ਸੀ। ਸਾਵਨ ਕੁਮਾਰ ਟਾਕ ਨੂੰ ਹੀਰੋ ਵਜੋਂ ਰਿਤਿਕ ਰੋਸ਼ਨ ਦੀ ਪਹਿਲੀ ਫਿਲਮ ‘ਕਹੋ ਨਾ ਪਿਆਰ ਹੈ’ (2000) ਲਈ ਕੁਝ ਗੀਤ ਲਿਖਣ ਦਾ ਸਿਹਰਾ ਵੀ ਦਿੱਤਾ ਜਾਂਦਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ 3 ਜ਼ਿਲ੍ਹਿਆਂ ਦੀਆਂ 77 ਸਰਕਾਰੀ ਬਿਲਡਿੰਗਾਂ ‘ਚ ਦਿਵਿਆਂਗਾਂ ਨੂੰ ਮਿਲਣਗੀਆਂ ਖਾਸ ਸਹੂਲਤਾਂ
ਲਤਾ ਮੰਗੇਸ਼ਕਰ ਦੀ ਸੰਗੀਤਕਾਰ ਊਸ਼ਾ ਮੰਗੇਸ਼ਕਰ ਨੇ ਸਾਵਨ ਕੁਮਾਰ ਟਾਕ ਦੀਆਂ ਕਈ ਫ਼ਿਲਮਾਂ ਵਿੱਚ ਹਿੱਟ ਸੰਗੀਤ ਦਿੱਤਾ। ਦੋਵਾਂ ਨੇ ਕੁਝ ਸਾਲਾਂ ਬਾਅਦ ਵਿਆਹ ਕਰਵਾ ਲਿਆ ਪਰ ਦੋਵਾਂ ਦਾ ਇਹ ਰਿਸ਼ਤਾ ਜ਼ਿਆਦਾ ਸਮਾਂ ਨਹੀਂ ਚੱਲ ਸਕਿਆ ਅਤੇ ਜਲਦੀ ਹੀ ਦੋਵਾਂ ਦਾ ਤਲਾਕ ਹੋ ਗਿਆ। ਦੋਵਾਂ ਦਾ ਕੋਈ ਬੱਚਾ ਨਹੀਂ ਹੈ।
ਵੀਡੀਓ ਲਈ ਕਲਿੱਕ ਕਰੋ -: