ਲੁਧਿਆਣਾ ਦਾ ਸਿਵਲ ਹਸਪਤਾਲ ਅਕਸਰ ਸੁਰਖੀਆਂ ਵਿੱਚ ਰਹਿੰਦਾ ਹੈ। ਕਰੀਬ 2 ਮਹੀਨੇ ਪਹਿਲਾਂ ਕੁਝ ਬਦਮਾਸ਼ਾਂ ਨੇ ਹਸਪਤਾਲ ‘ਚ ਇਕ ਨੌਜਵਾਨ ਦਾ ਸ਼ਰੇਆਮ ਕਤਲ ਕਰ ਦਿੱਤਾ ਸੀ। ਇਸ ਦੇ ਨਾਲ ਹੀ ਸਿਵਲ ਹਸਪਤਾਲ ‘ਚ ਡਿਊਟੀ ‘ਤੇ ਮੌਜੂਦ ਡਾਕਟਰ ਨੂੰ ਕਰੀਬ 5 ਤੋਂ 6 ਵਿਅਕਤੀਆਂ ਨੇ ਬੁਰੀ ਤਰ੍ਹਾਂ ਕੁੱਟਿਆ। ਬਦਮਾਸ਼ਾਂ ਨੇ ਡਾਕਟਰ ਦੇ ਕੱਪੜੇ ਵੀ ਪਾੜ ਦਿੱਤੇ।
ਜਦੋਂ ਡਾਕਟਰ ਨੇ ਬਦਮਾਸ਼ਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇੱਕ ਨੇ ਉਸ ਦੇ ਹੱਥ ‘ਤੇ ਦੰਦੀ ਵੱਢ ਦਿੱਤੀ। ਬਚਾਅ ਲਈ ਆਏ ਸਕਿਓਰਿਟੀ ਗਾਰਡ ਤੇ ਪੁਲਿਸ ਮੁਲਾਜ਼ਮਾਂ ਨਾਲ ਵੀ ਦੋਸ਼ੀ ਭਿੜ ਗਏ। ਦੋਸ਼ੀਆਂ ਨੇ ਹਸਪਤਾਲ ਵਿੱਚ ਡਾਕਟਰ ਦੀ ਟੇਬਲ ਅਤੇ ਕੈਬਿਨ ਦੇ ਬਾਹਰ ਲੱਗਾ ਸ਼ੀਸ਼ਾ ਵੀ ਤੋੜ ਦਿੱਤਾ।
ਇਸ ਦੇ ਨਾਲ ਹੀ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਡਵੀਜ਼ਨ ਨੰਬਰ 2 ਦੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ 3 ਬਦਮਾਸ਼ਾਂ ਨੂੰ ਗ੍ਰਿਫਤਾਰ ਕਰ ਲਿਆ, ਜਦਕਿ ਬਾਕੀ ਫਰਾਰ ਮੁਲਜ਼ਮਾਂ ਦੀ ਭਾਲ ਜਾਰੀ ਹੈ। ਏਐਸਆਈ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਹਮਲਾਵਰਾਂ ਦੀ ਪਛਾਣ ਸੋਹਣ ਸਿੰਘ ਵਾਸੀ ਧਾਂਦਰਾ ਰੋਡ, ਰਾਜਵੀਰ ਸਿੰਘ ਵਾਸੀ ਚੀਮਾ ਪਿੰਡ ਜਗਰਾਓਂ ਅਤੇ ਸੰਦੀਪ ਸਿੰਘ ਵਾਸੀ ਗੁਰੂ ਗੋਬਿੰਦ ਸਿੰਘ ਨਗਰ ਬਰੋਟਾ ਰੋਡ ਵਜੋਂ ਹੋਈ ਹੈ।
ਡਾ. ਚਰਨਕਮਲ (ਫੋਰੈਂਸਿਕ ਮਾਹਿਰ) ਨੇ ਦੱਸਿਆ ਕਿ ਉਹ ਸਿਵਲ ਹਸਪਤਾਲ ਵਿੱਚ ਬਤੌਰ ਮੈਡੀਕਲ ਅਫ਼ਸਰ ਤਾਇਨਾਤ ਹਨ। ਹਸਪਤਾਲ ਵਿੱਚ ਐਮਰਜੈਂਸੀ ਦੇ ਅੰਦਰ ਨੋਡਲ ਅਫ਼ਸਰ ਵਜੋਂ ਡਿਊਟੀ ਦੇ ਰਹੇ ਸਨ। ਤਿੰਨੇ ਮੁਲਜ਼ਮ ਰਾਤ ਕਰੀਬ 12 ਵਜੇ ਉਸ ਕੋਲ ਮੈਡੀਕਲ ਕਰਵਾਉਣ ਆਏ ਸਨ, ਜਿਨ੍ਹਾਂ ਨੇ ਸ਼ਰਾਬ ਪੀਤੀ ਹੋਈ ਸੀ।
ਇਹ ਵੀ ਪੜ੍ਹੋ : ਪੁੱਤ ਦੀ ਚਾਹ ‘ਚ ਪਿਓ ਨੇ 6 ਮਹੀਨੇ ਦੀ ਮਾਸੂਮ ਮਾਰ ਜ਼ਮੀਨ ‘ਚ ਦੱਬੀ, ਜਬਰ-ਜ਼ਨਾਹ ਦਾ ਵੀ ਖਦਸ਼ਾ
ਐਮਰਜੈਂਸੀ ਵਿੱਚ ਆ ਕੇ ਮੁਲਜ਼ਮਾਂ ਨੇ ਪਹਿਲਾਂ ਸਕਿਓਰਿਟੀ ਗਾਰਡ ਨੂੰ ਕੁੱਟਿਆ ਅਤੇ ਡਾਕਟਰ ਦੇ ਕਮਰੇ ਵਿੱਚ ਜਾ ਕੇ ਬਦਤਮੀਜ਼ੀ ਕੀਤੀ। ਸਕਿਓਰਿਟੀ ਗਾਰਡ ਨੇ ਦੱਸਿਆ ਕਿ ਜਦੋਂ ਉਸ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਸਮਝਾਉਣ ਲਈ ਗਿਆ, ਪਰ ਦੋਸ਼ੀ ਨੇ ਗੱਲ ਸੁਣਨ ਦੀ ਬਜਾਏ ਉਨ੍ਹਾਂ ਦੇ ਹੀ ਗਲੇ ‘ਤੇ ਹੱਥ ਪਾ ਲਿਆ ਅਤੇ ਉਨ੍ਹਾਂ ਦੀ ਪਾਈ ਹੋਈ ਸ਼ਰਟ ਦੇ ਬਟਨ ਤੋੜ ਦਿੱਤੇ।
ਦੋਸ਼ੀ ਸੰਦੀਪ ਨੇ ਹੱਥ ਵਿੱਚ ਪਹਿਨੇ ਹੋਏ ਲੋਹੇ ਦੇ ਕੜੇ ਨਾਲ ਟੇਬਲ ਦਾ ਸ਼ੀਸ਼ਾ ਭੰਨ ਦਿੱਤਾ ਅਤੇ ਮਾਰਕੁੱਟ ਸ਼ੁਰੂ ਕਰ ਦਿੱਤੀ। ਮੌਕੇ ‘ਤੇ ਕੁਝ ਲੋਕਾਂ ਨਾਲ ਵੀ ਦੋਸ਼ੀਆਂ ਨੇ ਧੱਕਾ-ਮੁੱਕੀ ਕੀਤੀ।
ਵੀਡੀਓ ਲਈ ਕਲਿੱਕ ਕਰੋ -: