Education Providers Association submits : ਕੋਟਕਪੂਰਾ : ਕੋਰੋਨਾ ਮਹਾਂਮਾਰੀ ਕਾਰਨ ਲਗਾਏ ਲਾਕਡਾਊਨ/ ਕਰਫਿਊ ਤੋਂ ਬਾਅਦ ਸਰਕਾਰ ਵੱਲੋਂ ਸੂਬੇ ਵਿਚ ਵਧੇਰੇ ਸਰਗਰਮੀਆਂ ਤੇ ਅਦਾਰਿਆਂ ਨੂੰ ਕੰਮਕਾਰ ਕਰਨ ਦੀ ਛੋਟ ਦੇਣ ਦੇ ਨਾਲ ਬੱਸਾਂ ਤੱਕ ਨੂੰ 100% ਸਵਾਰੀਆਂ ਬੈਠਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਪਰ ਛੋਟੇ-ਛੋਟੇ ਵਿੱਦਿਅਕ ਅਦਾਰਿਆਂ ਨੂੰ ਅਜੇ ਵੀ ਕੋਈ ਛੋਟ ਨਹੀਂ ਦਿੱਤੀ ਗਈ। ਪਿਛਲੇ 3 ਮਹੀਨਿਆਂ ਤੋਂ ਵੀ ਵੱਧ ਦਾ ਸਮਾਂ ਬੀਤ ਜਾਣ ਉਪਰੰਤ ਵਿੱਦਿਅਕ ਅਦਾਰੇ ਅਜੇ ਤੱਕ ਬੰਦ ਹੀ ਹਨ ਅਤੇ ਇਹਨਾਂ ਦੇ ਸੰਚਾਲਕਾਂ ਨੂੰ ਗੁਜ਼ਾਰਾ ਕਰਨਾ ਵੀ ਮੁਸ਼ਕਿਲ ਹੋ ਗਿਆ ਹੈ। 20 ਮਾਰਚ ਤੋਂ ਬੰਦ ਪਏ ਇੰਮੀਗ੍ਰੇਸ਼ਨ ਦਫਤਰ, ਆਈਲੈਟਸ ਕੋਚਿੰਗ ਸੈਂਟਰ, ਕੰਪਿਊਟਰ ਐਜੂਕੇਸ਼ਨ ਸੈਂਟਰ, ਡਿਸਟੈਂਸ ਐਜੂਕੇਸ਼ਨ ਅਤੇ ਹੋਰ ਹਰ ਤਰਾਂ ਦੇ ਕੋਚਿੰਗ ਸੈਂਟਰਾਂ ਨੂੰ ਖੋਲਣ ਦੀ ਇਜਾਜਤ ਦੇਣ ਦੀ ਮੰਗ ਕਰਦਿਆਂ ਐਸੋਸੀਏਸ਼ਨ ਆਫ਼ ਐਜੂਕੇਸ਼ਨ ਪ੍ਰੋਵਾਈਡਰਜ਼ ਪੰਜਾਬ ਦੇ ਪ੍ਰਧਾਨ ਬਲਜੀਤ ਸਿੰਘ ਖੀਵਾ ਅਤੇ ਚੇਅਰਮੈਨ ਬਰਿੰਦਰ ਸਿੰਘ ਨੇ ਸਰਕਾਰ ਤੋਂ ਸਵਾਲ ਕਰਦਿਆਂ ਪੁੱਛਿਆ ਕਿ ਜੇਕਰ ਬੱਸਾਂ ਵਿਚ 100% ਸਵਾਰੀਆਂ ਨੂੰ ਬੈਠਣ ਨਾਲ ਕੋਰੋਨਾ ਨਹੀਂ ਫੈਲ ਸਕਦਾ ਤਾਂ ਸਾਡੇ ਵਿੱਦਿਅਕ ਅਦਾਰਿਆਂ ਵਿਚ ਕੋਵਿਡ-19 ਦੀਆਂ ਹਿਦਾਇਤਾਂ ਦੀ ਪਾਲਣਾ ਕਰਦਿਆਂ ਪੜ੍ਹਾਈ ਕਰਵਾਉਣ ਨਾਲ ਕਿਵੇਂ ਫੈਲ ਸਕਦਾ ਹੈ।
ਐਸੋਸੀਏਸ਼ਨ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਵਿੱਦਿਅਕ ਅਦਾਰਿਆਂ ਖੋਲ੍ਹਣ ਦੀ ਇਜਾਜਤ ਦਿੱਤੇ ਜਾਵੇ ਤਾਂ ਕਿ ਸੈਂਟਰ ਸੰਚਾਲਕਾਂ ਨੂੰ ਪਿਛਲੇ ਕਰੀਬ 3 ਮਹੀਨਿਆਂ ਤੋਂ ਬੰਦ ਪਏ ਦਫਤਰਾਂ ਦੇ ਕਿਰਾਏ, ਸਟਾਫ ਦੀਆਂ ਤਨਖਾਹਾਂ ਅਤੇ ਹੋਰ ਪੈ ਰਹੇ ਖਰਚਿਆਂ ਤੋਂ ਰਾਹਤ ਮਿਲ ਸਕੇ। ਇਸ ਦੇ ਨਾਲ ਹੀ ਉਹਨਾਂ ਪ੍ਰਸ਼ਾਸਨ ਨੂੰ ਵਿਸ਼ਵਾਸ ਦਿਵਾਇਆ ਕਿ ਜੇਕਰ ਪ੍ਰਸ਼ਾਸਨ ਉਹਨਾਂ ਨੂੰ ਸੰਸਥਾਵਾਂ ਖੋਲਣ ਦੀ ਇਜਾਜਤ ਦੇ ਦਿੰਦਾ ਹੈ ਤਾਂ ਉਹ ਯਕੀਨੀ ਬਣਾਉਣਗੇ ਕਿ ਪ੍ਰਸ਼ਾਸਨ ਦੀਆਂ ਕੋਵਿਡ-19 ਸੰਬੰਧੀ ਸਾਰੀਆਂ ਹਿਦਾਇਤਾਂ ਦੀ ਪਾਲਣਾ ਇਨ ਬਿਨ ਕੀਤੀ ਜਾਵੇਗੀ। ਐਸੋਸੀਏਸ਼ਨ ਦੇ ਮੈਂਬਰਾਂ ਨੇ ਇਸ ਮੌਕੇ ਕਿਹਾ ਕਿ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਰਕੇ ਬੱਚਿਆਂ ਨੂੰ ਰੋਜ਼ਗਾਰ ਦੇ ਸਾਧਨ ਮੁਹੱਈਆ ਕਰਵਾਉਣ ਵਾਲੇ ਵਿੱਦਿਅਕ ਅਦਾਰੇ ਹੀ ਹੁਣ ਬੇਰੋਜਗਾਰ ਹੁੰਦੇ ਨਜਰ ਆ ਰਹੇ ਹਨ। ਜ਼ਿਆਦਾਤਰ ਬੰਦ ਪਏ ਵਿੱਦਿਅਕ ਅਦਾਰੇ ਕਿਰਾਏ ਦੀਆਂ ਬਿਲਡਿੰਗਾਂ ਵਿਚ ਹੋਣ ਕਰਕੇ ਭਾਰੀ ਕਿਰਾਏ ਭਰਨ ਤੋਂ ਅਸਮਰੱਥ ਹੋ ਚੁੱਕੇ ਹਨ ਅਤੇ ਆਪਣੇ ਸੈਂਟਰ ਬੰਦ ਕਰਨ ਦੀ ਕਗਾਰ ‘ਤੇ ਆ ਖੜ੍ਹੇ ਹੋਏ ਹਨ। ਸਰਕਾਰਾਂ ਦੀਆਂ ਲੋਕ ਮਾਰੂ ਨੀਤੀਆਂ ਕਰਕੇ ਅਸੀਂ ਹੁਣ ਕਾਰਾਂ ਤੋਂ ਰਿਕਸ਼ਿਆਂ ‘ਤੇ ਆ ਚੁੱਕੇ ਹਾਂ ਅਤੇ ਜੇ ਇਹੀ ਹਾਲਾਤ ਰਹੇ ਤਾਂ ਸਾਨੂੰ ਰਿਕਸ਼ੇ ਚਲਾਉਣ ‘ਤੇ ਮਜਬੂਰ ਹੋਣਾ ਪਵੇਗਾ।
ਐਸੋਸੀਏਸ਼ਨ ਆਫ਼ ਐਜੂਕੇਸ਼ਨ ਪ੍ਰੋਵਾਈਡਰਜ਼ ਪੰਜਾਬ ਵੱਲੋਂ ਵਿਲੱਖਣ ਢੰਗ ਨਾਲ ਆਪਣਾ ਰੋਸ ਪ੍ਰਗਟ ਕਰਦਿਆਂ ਰਿਕਸ਼ਿਆਂ ‘ਤੇ ਰੋਸ ਰੈਲੀ ਕੱਢੀ ਗਈ, ਜੋ ਕਿ ਸ਼ਹਿਰ ਦੇ ਵੱਖ-ਵੱਖ ਹਿੱਸਿਆਂ/ਇਲਾਕਿਆਂ ਤੋਂ ਹੁੰਦੇ ਹੋਏ ਐਸ.ਡੀ.ਐਮ. ਦਫਤਰ ਵਿਖੇ ਸਮਾਪਤ ਹੋਈ। ਉਪਰੰਤ ਐਸੋਸੀਏਸ਼ਨ ਦਾ ਇਕ ਵਫਦ ਐਸ.ਡੀ.ਐਮ. ਕੋਟਕਪੂਰਾ ਮੇਜ਼ਰ ਅਮਿਤ ਸਰੀਨ ਨੂੰ ਮਿਲਿਆ ਅਤੇ ਆਪਣੀਆਂ ਮੰਗਾਂ ਸੰਬੰਧੀ ਮੰਗ ਪੱਤਰ ਸੌਂਪਿਆ ਅਤੇ ਸੰਚਾਲਕਾਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਐਸ.ਡੀ.ਐਮ. ਮੇਜ਼ਰ ਅਮਿਤ ਸਰੀਨ ਨੂੰ ਵਿਸਥਾਰ ਸਹਿਤ ਦੱਸਿਆ। ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਉਹਨਾਂ ਦੇ ਬੰਦ ਪਏ ਵਿੱਦਿਅਕ ਅਦਾਰੇ ਜਲਦ ਤੋਂ ਜਲਦ ਨਾ ਖੋਲੇ ਗਏ ਤਾਂ ਉਹ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ, ਜਿਸਦੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ। ਇਸ ਮੌਕੇ ਪ੍ਰੈਸ ਸਕੱਤਰ ਗਗਨਦੀਪ ਜਿੰਦਲ, ਜਨਰਲ ਸਕੱਤਰ ਓਮ ਪ੍ਰਕਾਸ਼ ਗੋਇਲ, ਮੀਤ ਪ੍ਰਧਾਨ ਅਰਸ਼ਦੀਪ ਸਿੰਘ ਬਰਾੜ, ਸਕੱਤਰ ਜਤਿੰਦਰ ਚਾਵਲਾ, ਮੀਤ ਪ੍ਰਧਾਨ ਡੇਵਿਡ ਅਰੋੜਾ ਤੇ ਹੋਰ ਮੈੰਬਰ ਮੌਜੂਦ ਸਨ।