Fake Cricket tournament case : ਪਿੰਡ ਸਵਾੜਾ ਵਿਚ ਫਰਜ਼ੀ ਟੂਰਨਾਮੈਂਟ ਕਰਵਾਉਣ ਦੇ ਮਾਮਲੇ ਵਿਚ ਫੜੇ ਗਏ ਦੋਸ਼ੀ ਰਵਿੰਦਰ ਸਿੰਘ ਡੰਡੀਵਾਲ ਤੋਂ ਪੁਲਿਸ ਵੱਲੋਂ ਪੁੱਛਗਿੱਛ ਵਿਚ ਅਹਿਮ ਜਾਣਕਾਰੀਆਂ ਸਾਹਮਣੇ ਆਈਆਂ ਹਨ। ਜਿਸ ਵਿਚ ਪਤਾ ਲੱਗਾ ਹੈ ਕਿ ਪਿੰਡ ਵਿਚ ਫਰਜ਼ੀ ਟੀ-20 ਕ੍ਰਿਕਟ ਮੈਚ ਕਰਵਾ ਕੇ ਉਸਨੂੰ ਸ਼੍ਰੀਲੰਕਾ ਵਿਚ ਹੁੰਦਾ ਦੱਸ ਦੇ ਕਰੋੜਾਂ ਦਾ ਸੱਟਾ ਲਗਾਉਣ ਵਾਲਾ ਡੰਡੀਵਾਲ ਲੋੜਵੰਦ ਅਤੇ ਪ੍ਰਤਿਭਾਵਾਨ ਹੋਣ ਦੇ ਬਾਵਜੂਦ ਕ੍ਰਿਕਟ ਲਾਈਨ ਵਿਚ ਕੋਈ ਮੁਕਾਮ ਹਾਸਲ ਨਾ ਕਰਨ ਵਾਲੇ ਅਜਿਹੇ ਖਿਡਾਰੀਆਂ ਨੂੰ ਇਸ ਵਿਚ ਸ਼ਾਮਲ ਕਰਦਾ ਸੀ, ਜੋ ਹਰ ਸਟੇਜ ਵਿਚ ਮੈਚ ਨੂੰ ਬਦਲਣ ਦਾ ਦਮ ਰਖਦੇ ਹੋਣ। ਕਿਉਂਕਿ ਮੈਚ ਵਿਚ ਹਰ ਬਾਲ ਅਤੇ ਸ਼ਾਟ ਫਿਕਸ ਹੁੰਦਾ ਸੀ।
ਇੰਨਾ ਹੀ ਨਹੀਂ ਇਨ੍ਹਾਂ ਖਿਡਾਰੀਆਂ ਨੂੰ ਪ੍ਰਤੀ ਮੈਚ ਦੇ ਹਿਸਾਬ ਨਾਲ ਪੇਮੈਂਟ ਕੀਤੀ ਜਾਂਦੀ ਸੀ। ਉਹ ਮੈਚ ਦੌਰਾਨ ਖਿਡਾਰੀਆਂ ਨੂੰ ਮੈਚ ਦੇ ਫਰਜ਼ੀ ਹੋਣ ਦਾ ਅਹਿਸਾਸ ਵੀ ਨਹੀਂ ਹੋਣ ਦਿੰਦਾ ਸੀ। ਉਹ ਖੁਦ ਨੂੰ ਇਕ ਸਪੋਰਟਸ ਕਾਰੋਬਾਰੀ ਵਾਂਗ ਪੇਸ਼ ਕਰਦਾ ਸੀ ਅਤੇ ਆਪਣੇ ਬਾਰੇ ਕਿਸੇ ਨੂੰ ਵੀ ਕੁਝ ਨਹੀਂ ਦੱਸਦਾ ਸੀ। ਪੁਲਿਸ ਵੱਲੋਂ ਸਾਰੇ ਖਿਡਾਰੀਆਂ ਦਾ ਰਿਕਾਰਡ ਤਿਆਰ ਕਰ ਲਿਆ ਗਿਆ ਹੈ।
ਦੂਜੇ ਪਾਸੇ ਪੁਲਿਸ ਡੰਡੀਵਾਲ ਵੱਲੋਂ ਇਸ ਕੰਮ ਰਾਹੀਂ ਕਮਾਏ ਗਏ ਪੈਸੇ ਤੇ ਉਨ੍ਹਾਂ ਦੀ ਇਨਵੈਸਟਮੈਂਟ ਬਾਰੇ ਵੀ ਪਤਾ ਲਗਾਇਆ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਮੋਹਾਲੀ ਪੁਲਿਸ ਵੱਲੋਂ ਰਾਜਸਥਾਨ ਪੁਲਿਸ ਨਾਲ ਵੀ ਇਸ ਬਾਰੇ ਸੰਪਰਕ ਕੀਤਾ ਗਿਆ ਹੈ ਅਤੇ ਉਸ ਦੇ ਨਾਂ ’ਤੇ ਪਿਛਲੇ 6 ਸਾਲਾਂ ਤੋਂ ਬਣਾਈ ਗਈ ਪ੍ਰਾਪਰਟੀ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ। ਇਨ੍ਹਾਂ ਸਾਲਾਂ ਵਿਚ ਬਣਾਈ ਉਸ ਦੀ ਪ੍ਰਾਪਰਟੀ ਜ਼ਬਤ ਕੀਤੀ ਜਾ ਸਕਦੀ ਹੈ। ਮੋਹਾਲੀ ਪੁਲਿਸ ਵੱਲੋਂ ਇਸ ਮਾਮਲੇ ਨੂੰ ਪੂਰੀ ਤਰ੍ਹਾਂ ਗੰਭੀਰਤਾ ਨਾਲ ਲੈ ਕੇ ਡੂੰਘੀ ਜਾਂਚ-ਪੜਤਾਲ ਕੀਤੀ ਜਾ ਰਹੀ ਹੈ।