Farmer leaders arrived : ਕੇਂਦਰ ਵੱਲੋਂ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਅੰਦੋਲਨ ਲਗਾਤਾਰ ਜਾਰੀ ਹੈ। ਕਿਸਾਨਾਂ ਵੱਲੋਂ ਕਾਨੂੰਨਾਂ ਨੂੰ ਰੱਦ ਕਰਵਾਉਣ ਨੂੰ ਲੈ ਕੇ ਹੁਣ ਤੱਕ ਕੇਂਦਰ ਨਾਲ ਪੰਜ ਗੇੜ ਦੀਆਂ ਬੈਠਕਾਂ ਹੋ ਚੁੱਕੀਆਂ ਹਨ ਤੇ 6ਵੇਂ ਗੇੜ ਦੀ ਮੀਟਿੰਗ ਕੱਲ੍ਹ 9 ਦਸੰਬਰ ਨੂੰ ਹੋਣੀ ਹੈ। ਪਰ ਇਸ ਤੋਂ ਠੀਕ ਪਹਿਲਾਂ ਕਿਸਾਨਾਂ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਮੁਲਾਕਾਤ ਦਾ ਸੱਦਾ ਦਿੱਤਾ ਗਿਆ। ਕਿਸਾਨੀ ਨੇਤਾਵਾਂ ਨੂੰ ਗ੍ਰਹਿ ਮੰਤਰੀ ਨਾਲ ਮੁਲਾਕਾਤ ਲਈ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ ਦੇ ਕੌਮਾਂਤਰੀ ਗੈਸਟ ਹਾਊਸ ਵਿੱਚ ਲਿਜਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਕਿਸਾਨਾਂ ਨੂੰ ਵਰਚੁਅਲ ਮੀਟਿੰਗ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਵਿਰੋਧ ਕੀਤਾ। ਇਸ ਤੋਂ ਨਾਰਾਜ਼ ਹੋ ਕੇ, ਸਿੰਘੂ ਸਰਹੱਦ ਲਈ ਰਵਾਨਾ ਹੋ ਗਏ। ਇਸ ਤੋਂ ਬਾਅਦ ਅਧਿਕਾਰੀਆਂ ਨੇ ਸ਼ਾਹ ਨੂੰ ਪੂਰੀ ਜਾਣਕਾਰੀ ਦਿੱਤੀ। ਫਿਲਹਾਲ ਗ੍ਰਹਿ ਮੰਤਰੀ ਕਿਸਾਨਾਂ ਨੂੰ ਮਿਲਣ ਆਈ.ਸੀ.ਏ.ਆਰ ਪਹੁੰਚੇ ਹਨ।
ਦੱਸਣਯੋਗ ਹੈ ਕਿ ਇਹ ਬੈਠਕ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਹ ਕਿਸਾਨ ਤੇ ਕੇਂਦਰ ਸਰਕਾਰ ਦੀ 6ਵੇਂ ਗੇੜ ਦੀ ਮੀਟਿੰਗ ਤੋਂ ਬਿਲਕੁਲ ਪਹਿਲਾਂ ਆਯੋਜਿਤ ਕੀਤੀ ਗਈ ਹੈ ਜਿਥੇ ਕਿਸਾਨ ਜਥੇਬੰਦੀਆਂ ਖੇਤੀਬਾੜੀ ਮੰਤਰੀਆਂ, ਨਰਿੰਦਰ ਸਿੰਘ ਤੋਮਰ ਅਤੇ ਸਰਕਾਰ ਦੇ ਹੋਰ ਸੀਨੀਅਰ ਮੰਤਰੀਆਂ ਨੂੰ ਮਿਲਣਗੀਆਂ। ਇਸ ਤੋਂ ਪਹਿਲਾਂ 5ਵੇਂ ਗੇੜ ਦੀ ਮੀਟਿੰਗ 7 ਘੰਟੇ ਚੱਲੀ ਪਰ ਇਹ ਬੇਨਤੀਜਾ ਰਹੀ ਸੀ।
ਸ਼ਾਹ ਨਾਲ ਮੁਲਾਕਾਤ ਤੋਂ ਪਹਿਲਾਂ ਮੰਗਲਵਾਰ ਨੂੰ ਕਿਸਾਨ ਨੇਤਾਵਾਂ ਨੇ ‘ਭਾਰਤ ਬੰਦ’ ਦੇ ਸਫਲ ਹੋਣ ਦਾ ਦਾਅਵਾ ਕਰਦਿਆਂ ਕਿਹਾ ਕਿ ਜਦੋਂ ਉਹ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣਗੇ ਤਾਂ ਉਹ ਆਪਣੀਆਂ ਮੰਗਾਂ ‘ਤੇ ਸਿਰਫ ਹਾਂ ਜਾਂ ਨਾਂਹ ਮੰਗਣਗੇ। ਕਿਸਾਨ ਆਗੂ ਆਰ.ਐੱਸ. ਮਾਨਸਾ ਨੇ ਸਿੰਘੂ ਸਰਹੱਦ ‘ਤੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ,’ ‘ਇਸ ਵਿਚ ਕੋਈ ਵਿੱਚ ਦਾ ਰਸਤਾ ਨਹੀਂ ਹੈ। ਅੱਜ ਦੀ ਬੈਠਕ ਵਿਚ ਅਸੀਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸਿਰਫ ‘ਹਾਂ’ ਜਾਂ ‘ਨਹੀਂ’ ਵਿਚ ਜਵਾਬ ਦੇਣ ਲਈ ਕਹਾਂਗੇ। ਕਿਸਾਨ ਪਿੱਛਲੇ 12 ਦਿਨਾਂ ਤੋਂ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ‘ਤੇ ਡਟੇ ਹੋਏ ਹਨ। ਹਜ਼ਾਰਾਂ ਕਿਸਾਨ ਆਪਣੇ ਟਰੈਕਟਰਾਂ ਟਰਾਲੀਆਂ ਵਿੱਚ ਰਾਤ ਕੱਟ ਰਹੇ ਹਨ। ਠੰਡੇ ਮੌਸਮ ਦੌਰਾਨ ਵੀ ਕਿਸਾਨਾਂ ਦਾ ਹੌਂਸਲਾ ਬੁਲੰਦ ਹੈ। ਸਿੰਘੂ, ਟਕਰੀ, ਗਾਜੀਪੁਰ ਅਤੇ ਚਿੱਲਾ ਸਰਹੱਦਾਂ ‘ਤੇ ਕਿਸਾਨਾਂ ਦਾ ਇਕੱਠ ਹੋ ਰਿਹਾ ਹੈ, ਜਿਨ੍ਹਾਂ ਨੂੰ ਵਿਰੋਧੀ ਧਿਰ ਦਾ ਸਮਰਥਨ ਵੀ ਮਿਲ ਰਿਹਾ ਹੈ।