ਚੰਡੀਗੜ੍ਹ: ਗੰਨੇ ਦੀਆਂ ਕੀਮਤਾਂ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਕਿਸਾਨ ਯੂਨੀਅਨ ਦਰਮਿਆਨ ਚੱਲ ਰਹੀ ਮੀਟਿੰਗ ਅੱਜ ਚੰਡੀਗੜ੍ਹ ਦੇ ਪੰਜਾਬ ਭਵਨ ਵਿਖੇ ਸਮਾਪਤ ਹੋ ਗਈ। ਇਹ ਮੀਟਿੰਗ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਅਤੇ ਕਿਸਾਨਾਂ ਨਾਲ ਹੋਈ। ਪੰਜਾਬ ਸਰਕਾਰ ਅਤੇ ਕਿਸਾਨਾਂ ਦਰਮਿਆਨ ਹੋਈ ਇਸ ਮੀਟਿੰਗ ਵਿੱਚ ਕੋਈ ਨਤੀਜਾ ਸਾਹਮਣੇ ਨਹੀਂ ਆਇਆ ਹੈ। ਹੁਣ ਸਰਕਾਰ ਕੱਲ੍ਹ ਜਲੰਧਰ ਵਿਖੇ ਸਾਢੇ 3 ਵਜੇ ਸਰਕਟ ਹਾਊਸ ਵਿਖੇ ਟੈਕਨੀਕਲ ਕਮੇਟੀ ਦੇ ਵਿੱਚ ਮੀਟਿੰਗ ਕਰੇਗੀ ਅਤੇ ਉਸ ਤੋਂ ਬਾਅਦ ਮੰਗਲਵਾਰ ਨੂੰ ਕਿਸਾਨ ਯੂਨੀਅਨ ਦੇ ਨਾਲ ਇੱਕ ਬੈਠਕ ਕੀਤੀ ਜਾਵੇਗੀ।
ਭਾਰਤੀ ਕਿਸਾਨ ਯੂਨੀਅਨ (ਦੋਆਬਾ) ਨੇ ਚਿਤਾਵਨੀ ਦਿੱਤੀ ਹੈ ਕਿ ਜੇ ਪੰਜਾਬ ਸਰਕਾਰ ਨੇ ਮੰਗਾਂ ਦੀ ਪਾਲਣਾ ਨਾ ਕੀਤੀ ਤਾਂ ਮੰਗਲਵਾਰ ਤੋਂ ਪੰਜਾਬ ਦੇ ਸਾਰੇ ਟੋਲ ਪਲਾਜ਼ੇ ਆਵਾਜਾਈ ਰੋਕਣ ਲਈ ਟਰੈਕਟਰ ਅਤੇ ਟਰਾਲੀਆਂ ਖੜ੍ਹੀਆਂ ਕਰ ਦੇਣਗੇ। ਇਸ ਐਲਾਨ ਨਾਲ ਲੋਕਾਂ ਦੀਆਂ ਮੁਸ਼ਕਲਾਂ ਵਧ ਜਾਣਗੀਆਂ । ਕਿਸਾਨਾਂ ਦੀ ਹੜਤਾਲ ਕਾਰਨ ਜਲੰਧਰ ਵਿੱਚ ਰੇਲ ਅਤੇ ਸੜਕੀ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਹੈ।
ਭਾਰਤੀ ਕਿਸਾਨ ਯੂਨੀਅਨ (ਦੋਆਬਾ) ਦੇ ਪ੍ਰਧਾਨ ਮਨਜੀਤ ਸਿੰਘ ਰਾਏ ਨੇ ਦੱਸਿਆ ਕਿ ਜਲੰਧਰ ਦੇ ਡੀਸੀ ਘਣਸ਼ਿਆਮ ਥੋਰੀ ਅਤੇ ਪੁਲਿਸ ਕਮਿਸ਼ਨਰ ਨੇ ਸ਼ੁੱਕਰਵਾਰ ਨੂੰ ਮੀਟਿੰਗ ਵਿੱਚ ਕਿਹਾ ਸੀ ਕਿ ਉਹ ਸਮੱਸਿਆ ਦੇ ਹੱਲ ਲਈ ਸ਼ਨੀਵਾਰ ਨੂੰ ਗੰਨਾ ਕਮਿਸ਼ਨਰ ਨਾਲ ਗੱਲ ਕਰਨਗੇ, ਪਰ ਗੰਨਾ ਕਮਿਸ਼ਨਰ ਵਾਪਸ ਨਹੀਂ ਪਰਤੇ। ਰਾਏ ਨੇ ਕਿਹਾ ਕਿ ਜੇਕਰ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਤੇਜ਼ ਕਰ ਦਿੱਤਾ ਜਾਵੇਗਾ। ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚਾ ਦੇ ਮੈਂਬਰ ਮੁਕੇਸ਼ ਚੰਦਰ ਨੇ ਕਿਹਾ ਕਿ ਪੰਜਾਬ ਸਰਕਾਰ ਜਾਣਬੁੱਝ ਕੇ ਸਮੱਸਿਆ ਦਾ ਹੱਲ ਨਹੀਂ ਕਰ ਰਹੀ। ਆਉਣ ਵਾਲੇ ਦਿਨਾਂ ਵਿੱਚ ਮੰਗਾਂ ਦਾ ਕੋਈ ਹੱਲ ਹੁੰਦਾ ਨਜ਼ਰ ਨਹੀਂ ਆ ਰਿਹਾ।
ਕਿਸਾਨਾਂ ਵੱਲੋਂ ਕੌਮੀ ਮਾਰਗ ਜਾਮ ਕੀਤੇ ਜਾਣ ਕਾਰਨ ਲੁਧਿਆਣਾ ਤੋਂ ਜਲੰਧਰ, ਅੰਮ੍ਰਿਤਸਰ ਅਤੇ ਜੰਮੂ ਲਈ ਬੱਸ ਸੇਵਾਵਾਂ ਵੀ ਠੱਪ ਰਹੀਆਂ। ਲੁਧਿਆਣਾ ਬੱਸ ਡਿਪੂ ਤੋਂ ਸ਼ਨੀਵਾਰ ਨੂੰ ਲਗਭਗ 123 ਬੱਸਾਂ ਨਹੀਂ ਚੱਲੀਆਂ। ਇਸ ਕਾਰਨ ਯਾਤਰੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਸਵੇਰ ਤੋਂ ਹੀ ਯਾਤਰੀ ਵੱਡੀ ਗਿਣਤੀ ਵਿੱਚ ਬੱਸ ਅੱਡੇ ਪਹੁੰਚ ਰਹੇ ਸਨ। ਇਨ੍ਹਾਂ ਵਿੱਚੋਂ ਬਹੁਤ ਸਾਰੇ ਯਾਤਰੀ ਰੋਜ਼ਾਨਾ ਦੇ ਕੰਮ ਅਤੇ ਆਉਣ -ਜਾਣ ਲਈ ਆਉਂਦੇ ਹਨ ਅਤੇ ਬਹੁਤ ਸਾਰੇ ਲੋਕ ਰੱਖੜੀ ‘ਤੇ ਪਰਿਵਾਰ ਅਤੇ ਭੈਣਾਂ ਦੇ ਘਰ ਜਾ ਰਹੇ ਸਨ। ਬੱਸ ਡਿਪੂ ਯੂਨੀਅਨ ਦੇ ਸਕੱਤਰ ਦਲੀਪ ਸਿੰਘ ਨੇ ਕਿਹਾ ਕਿ ਕਿਸਾਨਾਂ ਦੇ ਅੰਦੋਲਨ ਕਾਰਨ ਜਲੰਧਰ, ਅੰਮ੍ਰਿਤਸਰ ਅਤੇ ਪਠਾਨਕੋਟ ਲਈ ਬੱਸਾਂ ਨਹੀਂ ਚਲਾਈਆਂ ਗਈਆਂ। ਉਥੋਂ ਵੀ ਬੱਸਾਂ ਨਹੀਂ ਆ ਰਹੀਆਂ।