For not wearing masks : ਕੋਰੋਨਾ ਮਹਾਮਾਰੀ ਕਾਰਨ ਸੂਬੇ ਵਿਚ ਲੋਕ ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਗਈ ਐਡਵਾਈਜ਼ਰੀ ਦਾ ਪਾਲਣ ਕਰਦੇ ਦਿਖਾਈ ਨਹੀਂ ਦੇ ਰਹੇ। ਅਜਿਹੇ ਲੋਕ ਥਾਂ-ਥਾਂ ਥੁੱਕ ਰਹੇ ਹਨ ਅਤੇ ਮਾਸਕ ਵੀ ਨਹੀਂ ਪਾ ਰਹੇ ਹਨ। ਸੂਬੇ ‘ਚ 21 ਮਈ ਤੋਂ ਮਾਸਕ ਨਾ ਪਾਉਣ ‘ਤੇ 500 ਰੁਪਏ ਦੇ ਜੁਰਮਾਨੇ ਦਾ ਪ੍ਰਬੰਧ ਕੀਤੇ ਜਾਣ ਨਾਲ ਪਹਿਲੇ 10 ਦਿਨਾਂ ‘ਚ ਹੀ ਸੂਬਾ ਸਰਕਾਰ ਨੇ ਇਸ ਤੋਂ ਲਗਭਗ ਸਾਢੇ 3 ਕਰੋੜ ਰੁਪਏ ਕਮਾ ਲਏ ਹਨ। ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ 21 ਮਈ ਤੋਂ 31 ਮਈ ਤਕ ਸੂਬੇ ‘ਚ ਮਾਸਕ ਨਾ ਪਾਉਣ ‘ਤੇ 69150 ਲੋਕਾਂ ਦੇ ਚਲਾਨ ਕੱਟੇ ਜਾ ਚੁੱਕੇ ਹਨ। ਪ੍ਰਤੀ ਚਲਾਨ 500 ਰੁਪਏ ਦੀ ਦਰ ਨਾਲ ਇਨਾਂ ਚਲਾਨਾਂ ‘ਤੇ ਵਸੂਲੀ 3 ਕਰੋੜ 45 ਲੱਖ 75 ਹਜ਼ਾਰ ਰੁਪਏ ਦੀ ਬਣਦੀ ਹੈ।
ਮਾਸਕ ਨਾ ਪਾਉਣ ਦੇ ਚਲਾਨ ਬਠਿੰਡਾ ‘ਚ ਸਭ ਤੋਂ ਜ਼ਿਆਦਾ ਹੋਏ ਹਨ, ਜਿੱਥੇ ਪਹਿਲਾਂ 11 ਦਿਨਾਂ ‘ਚ 5110 ਚਲਾਨ ਕੱਟੇ ਗਏ ਹਨ। ਦੂਜੇ ਨੰਬਰ ‘ਤੇ ਲੁਧਿਆਣਾ ਸਿਟੀ ‘ਚ 5037 ਚਲਾਨ ਕੱਟੇ ਗਏ ਹਨ। ਹਾਲਾਂਕਿ ਲੁਧਿਆਣਾ ਦਿਹਾਤੀ ‘ਚ 1083 ਹੋਰ ਲੋਕਾਂ ਦੇ ਵੀ ਚਲਾਨ ਕੀਤੇ ਗਏ ਹਨ ਪਰ ਜੇ ਸ਼ਹਿਰੀ ਤੇ ਦਿਹਾਤੀ ਇਲਾਕਿਆਂ ਨੂੰ ਮਿਲਾ ਦਿੱਤਾ ਜਾਵੇ ਤਾਂ ਜਲੰਧਰ ਚਲਾਨਾਂ ਦੇ ਮਾਮਲੇ ‘ਚ ਪਹਿਲੇ ਸਥਾਨ ‘ਤੇ ਹੈ, ਜਿੱਥੇ ਦਿਹਾਤ ‘ਚ 4780 ਤੇ ਸ਼ਹਿਰ ‘ਚ 2384 ਚਲਾਨਾਂ ਦੇ ਨਾਲ ਕੁੱਲ 7264 ਚਲਾਨ ਕੱਟੇ ਗਏ ਹਨ। ਇਸ ਤੋਂ ਇਲਾਵਾ ਮੋਗਾ ‘ਚ 4283, ਮਾਨਸਾ ‘ਚ 3942, ਕਪੂਰਥਲਾ ‘ਚ 3565, ਫਤਹਿਗੜ੍ਹ ਸਾਹਿਬ ‘ਚ 3109, ਹੁਸ਼ਿਆਰਪੁਰ ‘ਚ 3103, ਫ਼ਾਜ਼ਿਲਕਾ ‘ਚ 2899, ਬਟਾਲਾ ‘ਚ 2886, ਤਰਨਤਾਰਨ ‘ਚ 2825, ਐਸਬੀਐਸ ਨਗਰ ‘ਚ 2605, ਸ੍ਰੀ ਮੁਕਤਸਰ ਸਾਹਿਬ ‘ਚ 2421, ਅੰਮ੍ਰਿਤਸਰ ਸਿਟੀ ‘ਚ 2423 ਤੇ ਅੰਮ੍ਰਿਤਸਰ ਦਿਹਾਤ ‘ਚ 1489, ਫ਼ਿਰੋਜ਼ਪੁਰ ‘ਚ 2404, ਸੰਗਰੂਰ ‘ਚ 2384, ਪਟਿਆਲਾ ‘ਚ 2262, ਗੁਰਦਾਸਪੁਰ ‘ਚ 1562, ਐਸਏਐਸ ਨਗਰ ‘ਚ 1452, ਬਰਨਾਲਾ ‘ਚ 1544, ਖੰਨਾ ‘ਚ 1195, ਰੂਪਨਗਰ ‘ਚ 988, ਪਠਾਨਕੋਟ ‘ਚ 792, ਫ਼ਰੀਦਕੋਟ ‘ਚ 623 ਚਲਾਨ ਕੱਟੇ ਗਏ ਹਨ।
ਇਸ ਦੇ ਚੱਲਦਿਆਂ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਅਜਿਹੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਿਰੁੱਧ ਵੀ ਸਖ਼ਤ ਕਾਰਵਾਈ ਕਰਨ ਲਈ ਕਿਹਾ ਗਿਆ ਹੈ। ਜ਼ਿਕਰਯੋਗ ਹੈ ਕਿ ਮਾਸਕ ਨਾ ਪਾਉਣ ਕਰ ਕੇ ਸੂਬੇ ‘ਚ ਜਿੱਥੇ 11 ਦਿਨਾਂ ‘ਚ 70 ਹਜ਼ਾਰ ਲੋਕਾਂ ਦੇ ਚਲਾਨ ਕੱਟੇ ਜਾ ਚੁੱਕੇ ਹਨ, ਉਥੇ ਸੂਬੇ ‘ਚ 70 ਦਿਨਾਂ ਤੋਂ ਲੱਗੇ ਕਰਫਿਊ ਦੌਰਾਨ ਕਰਫਿਊ ਨਿਯਮਾਂ ਦੀ ਉਲੰਘਣਾ ਲਈ ਸਿਰਫ਼ 10,800 ਚਲਾਨ ਕੱਟੇ ਗਏ ਹਨ। ਮਾਸਕ ਨਾ ਪਾਉਣ ਦੇ ਚਲਾਨ ਕੱਟਣ ‘ਚ ਸਭ ਤੋਂ ਅੱਗੇ ਰਹੇ ਬਠਿੰਡਾ ‘ਚ ਪਿਛਲੇ ਦਿਨੀਂ ਲੋਕਾਂ ਦੇ ਟ੍ਰੈਫਿਕ ਚਲਾਨ ਕੱਟੇ ਜਾਣ ਕਾਰਨ ਲੋਕਾਂ ‘ਚ ਕਾਫੀ ਰੋਸ ਦੇਖਿਆ ਗਿਆ ਸੀ। ਬਠਿੰਡਾ ‘ਚ ਅਜਿਹੀਆਂ ਸ਼ਿਕਾਇਤਾਂ ਮਿਲੀਆਂ ਸਨ ਕਿ ਬਠਿੰਡਾ ਪੁਲਿਸ ਨੇ ਪੂਰੇ ਦਸਤਾਵੇਜ਼ ਦੇਖੇ ਬਿਨਾਂ ਹੀ ਲੋਕਾਂ ਦੇ ਵਾਹਨ ਜ਼ਬਤ ਕਰ ਲਏ। ਅਜਿਹੇ ਚਲਾਨਾਂ ਲਈ ਵਾਹਨ ਮਾਲਕਾਂ ਕੋਲੋਂ 3000 ਰੁਪਏ ਤੋਂ ਲੈ ਕੇ 12000 ਰੁਪਏ ਤਕ ਵਸੂਲੇ ਗਏ। ਵੱਖ-ਵੱਖ ਮਹਿਕਮਿਆਂ, ਬੋਰਡਾਂ ਅਤੇ ਕਾਰਪੋਰੇਸ਼ਨਾਂ ‘ਚ ਤਾਇਨਾਤ ਅਧਿਕਾਰੀ ਅਤੇ ਕਰਮਚਾਰੀ ਵੀ ਸਮਾਜਿਕ ਦੂਰੀ ਨੂੰ ਲੈ ਕੇ ਜਾਰੀ ਦਿਸ਼ਾ-ਨਿਰਦੇਸ਼ਾਂ ਦਾ ਲਗਾਤਾਰ ਉਲੰਘਣ ਕਰ ਰਹੇ ਹਨ।