ਖੇਤੀ ਕਾਨੂੰਨਾਂ ਵਿਰੁੱਧ ਪਿਛਲੇ ਇਕ ਸਾਲ ਤੋਂ ਭਾਰਤ ਦੇ ਕਿਰਤੀ ਕਿਸਾਨਾਂ ਵੱਲੋਂ ਵਿਢੇ ਗਏ ਸ਼ਾਂਤਮਈ ਅੰਦੋਲਨ ਤੋਂ ਭੈਭੀਤ ਹੋਈ ਸਰਕਾਰ ਹੁਣ ਖੁਦ ਗੜਬੜ ਰਾਹੀਂ ਅਸ਼ਾਤ ਮਹੌਲ ਪੈਦਾ ਕਰਕੇ ਭੜਕਾਊ ਹਾਲਾਤ ਪੈਦਾ ਕਰ ਰਹੀ ਹੈ। ਸੂਬਾਈ ਸਰਕਾਰ ਹਰਿਆਣਾ ਵਲੋਂ ਬੀਤੇ ਦਿਨ ਕਰਨਾਲ ਵਿਚ ਅਮਨ ਪੂਰਵਕ ਧਰਨਾ ਦੇ ਰਹੇ ਕਿਸਾਨਾਂ ਤੇ ਅੰਨ੍ਹੇਵਾਹ ਲਾਠੀਚਾਰਜ ਕਰਕੇ ਆਪਣੀ ਹੈਂਕੜ ਦਾ ਜੋ ਸਬੂਤ ਦਿਤਾ, ਇਸਦੀ ਸਾਬਕਾ ਆਈ ਏ ਐਸ, ਆਈ ਪੀ ਐਸ ਅਤੇ ਫੌਜੀ ਅਫਸਰਾਂ ਵਲੋਂ ਕਿਰਤੀ ਕਿਸਾਨ ਫੋਰਮ ਦੀ ਵਿਸੇਸ਼ ਮੀਟਿੰਗ ਕਰਕੇ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਹਰਿਆਣਾ ਪੁਲਿਸ ਦੇ ਇਸ ਬੇਰਹਿਮ ਲਾਠੀਚਾਰਜ ਨਾਲ ਦਰਜਨਾਂ ਕਿਸਾਨ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਸਨ ਜਿੰਨਾਂ ਵਿੱਚੋਂ ਇਕ ਬਜ਼ੁਰਗ ਕਿਸਾਨ ਦੀ ਮੌਤ ਹੋ ਗਈ ਹੈ।
ਅੱਜ ਕਿਸਾਨ ਫੋਰਮ ਦੀ ਵਿਸੇਸ਼ ਮੀਟਿੰਗ ਦੀ ਪ੍ਰਧਾਨਗੀ ਸ. ਸਵਰਨ ਸਿੰਘ ਬੋਪਾਰਾਏ ਅਤੇ ਸ. ਆਰ ਆਈ ਸਿੰਘ ਵਲੋਂ ਕੀਤੀ ਗਈ। ਸਾਰੇ ਸਾਬਕਾ ਅਧਿਕਾਰੀਆਂ ਵਲੋਂ ਨਿਖੇਧੀ ਮਤਾ ਪਾਸ ਕਰਨ ਤੋਂ ਪਹਿਲਾਂ ਸ਼ਹੀਦ ਹੋਏ ਕਿਸਾਨ ਨੂੰ ਦੋ ਮਿੰਟ ਮੋਨ ਧਾਰ ਕੇ ਸ਼ਰਧਾਂਜ਼ਲੀ ਭੇਂਟ ਕੀਤੀ ਗਈ ਅਤੇ ਸਰਬਸੰਮਤੀ ਨਾਲ ਹਰਿਆਣਾ ਪੁਲਿਸ ਵਲੋਂ ਕੀਤੇ ਤਸ਼ੱਦਦ ਦੀ ਨਿਖੇਧੀ ਕੀਤੀ ਗਈ। ਪਾਸ ਕੀਤੇ ਮਤੇ ਵਿਚ ਕਿਸਾਨਾਂ ਦੇ ਸ਼ਾਤੀਪੂਰਵਕ ਇਕਠ ਤੇ ਬਿਨਾਂ ਕਿਸੇ ਭੜਕਾਹਟ ਤੋਂ ਅਣਲੋੜੀਦੇਂ ਲਾਠੀਚਾਰਜ ਦੀ ਸਖਤ ਸ਼ਬਦਾਂ ਵਿਚ ਨਿੰਦਿਆ ਕੀਤੀ ਗਈ। ਮਤੇ ਵਿਚ ਸਪੱਸ਼ਟ ਕਿਹਾ ਗਿਆ ਹੈ ਕਿ ਤਰੰਤ ਸਬੰਧਤ ਐਸ ਡੀ ਐਮ ਅਤੇ ਪੁਲਿਸ ਅਧਿਕਾਰੀ ਵਿਰੁੱਧ ਇਸ ਗੈਰ ਲੋਕਤੰਤਰਕ,ਜ਼ਾਲਮਾਨਾ ਅਤੇ ਗੈਰ ਜਿੰਮੇਵਾਰਾਨਾਂ ਢੰਗ ਨਾਲ ਡਿਊਟੀ ਨਿਭਾਉਣ ਬਦਲੇ ਸਖਤ ਅਨੁਸਾਸ਼ਨੀ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ : ਕੈਪਟਨ ਦਾ ਖੱਟਰ ‘ਤੇ ਪਲਟਵਾਰ, ਕਿਹਾ ‘ਇਹ ਪੰਜਾਬ ਨਹੀਂ ਸਗੋਂ ਭਾਜਪਾ ਹੈ ਜੋ ਕਿਸਾਨਾਂ ਦੇ ਗੁੱਸੇ ਲਈ ਜ਼ਿੰਮੇਵਾਰ ਹੈ’
ਸਾਰੇ ਹਾਜ਼ਰ ਅਧਿਕਾਰੀਆਂ ਵਲੋਂ ਮਤੇ ਰਾਹੀਂ ਹਰਿਆਣਾ ਸਰਕਾਰ ਨੂੰ ਇਹ ਬੇਨਤੀ ਵੀ ਕੀਤੀ ਗਈ ਕਿ ਇਸ ਅਫਸੋਸਨਾਕ ਵਾਕਿਆ ਵਿਚ ਜਖਮੀ ਹੋਏ ਸਾਰੇ ਕਿਰਤੀਆਂ/ਕਿਸਾਨਾਂ ਦਾ ਇਲਾਜ ਮੁਫਤ ਕਰਵਾਇਆ ਜਾਵੇ ਅਤੇ ਸ਼ਹੀਦ ਹੋਏ ਬਜ਼ੁਰਗ ਕਿਸਾਨ ਦੇ ਵਾਰਸਾਂ ਨੂੰ ਯੋਗ ਮੁਆਵਜ਼ਾ ਦਿਤਾ ਜਾਵੇ। ਕਿਰਤੀ ਕਿਸਾਨ ਫੋਰਮ ਦੇ ਸਮੂਹ ਮੈਂਬਰਾਂ ਵਲੋਂ ਸ਼ਾਂਤਮਈ ਕਿਸਾਨ ਅੰਦੋਲਨ ਦੀ ਸਿਰੇ ਤਕ ਡਟ ਕੇ ਹਮਾਇਤ ਕਰਨ ਦਾ ਵੀ ਫੈਸਲਾ ਕੀਤਾ ਹੈ।ਇਸ ਸਬੰਧੀ ਲੋਕ ਰਾਇ ਨੂੰ ਹੋਰ ਲਾਮਬੰਦ ਕਰਨ ਵਾਸਤੇ ਸੈਮੀਨਾਰ, ਸੰਵਾਦ ਅਤੇ ਲੋਕ -ਚਰਚਾ ਰਾਹੀਂ ਜਾਗਰੂਕਤਾ ਪੈਦਾ ਕਰਨ ਦੇ ਵਖ ਵਖ ਸਾਧਨਾਂ ਦੀ ਵਰਤੋਂ ਕਰਨ ਦਾ ਵੀ ਫੈਸਲਾ ਕੀਤਾ ਗਿਆ।
ਸ. ਸਵਰਨ ਸਿੰਘ ਬੋਪਾਰਾਏ, ਸ. ਆਰ. ਆਈ. ਸਿੰਘ, ਸ. ਜੀ. ਪੀ. ਐਸ. ਸਾਹੀ, ਸ. ਐਮ .ਪੀ. ਐਸ. ਔਲਖ, ਸ਼੍ਰੀ ਜੇ.ਆਰ. ਕੁੰਡਲ, ਸ. ਕੁਲਬੀਰ ਸਿੰਘ ਸਿਧੂ, ਸ. ਸਤਵੰਤ ਸਿੰਘ ਜੌਹਲ, ਸ. ਬਲਵਿੰਦਰ ਸਿੰਘ ਮੁਲਤਾਨੀ, ਸ. ਜੀ . ਕੇ. ਸਿੰਘ, ਸ. ਕਰਮਜੀਤ ਸਿੰਘ ਸਰਾਂ, ਸ. ਹਰਕੇਸ਼ ਸਿੰਘ ਸਿੱਧੂ, ਸ਼੍ਰੀ ਪ੍ਰਿਥੀ ਚੰਦ, ਬ੍ਰਿਗੇਡੀਅਰ ਹਰਵੰਤ ਸਿੰਘ, ਡਾ.ਸੰਤ ਪ੍ਰਕਾਸ਼ ਸਿੰਘ ਤੇ ਚੌਧਰੀ ਕਿਸ਼ੋਰੀ ਲਾਲ ਆਦਿ ਮੀਟਿੰਗ ਵਿਚ ਹਾਜ਼ਰ ਸਨ।