Former Jathedar Iqbal Singh : ਅੰਮ੍ਰਿਤਸਰ ਸਰਬੱਤ ਖਾਲਸਾ ਵੱਲੋਂ ਤਖਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੂੰ ਵਿਵਾਦਾਂ ਵਾਲਾ ਬਿਆਨ ਦੇਣ ਕਰਕੇ ਸਿੱਖ ਪੰਥ ਤੋਂ ਛੇਕ ਦਿੱਤਾ ਗਿਆ ਹੈ। ਇਹ ਹੁਕਮ ਸ੍ਰੀ ਅਕਾਲ ਤਖਤ ਸਾਹਿਬ ਦੇ ਨਿਯੁਕਤ ਕੀਤੇ ਗਏ ਕਾਰਜਵਾਹਕ ਜਥੇਦਾਰ ਧਿਆਨ ਸਿੰਘ ਮੰਡ ਵੱਲੋਂ ਜਾਰੀ ਕੀਤੇ ਗਏ। ਨਵੇਂ ਹੁਕਮਨਾਮੇ ਅਧੀਨ ਉਹ ਨਾ ਤਾਂ ਆਪਣੇ ਨਾਂ ਨਾਲ ਗਿਆਨੀ ਅਤੇ ਨਾ ਹੀ ਜਥੇਦਾਰ ਲਗਾ ਸਕਦੇ ਹਨ। ਨਾਲ ਹੀ ਸਿੰਘ ਸ਼ਬਦ ਲਗਾਉਣ ’ਤੇ ਵੀ ਪਾਬੰਦੀ ਰਹੇਗੀ।
ਦੱਸਣਯੋਗ ਹੈ ਕਿ ਅਯੋਧਿਆ ਵਿਚ ਸ਼੍ਰੀ ਰਾਮ ਜਨਮ ਭੂਮੀ ਦੇ ਪੂਜਨ ਮੌਕੇ ਸਿੱਖ ਪੰਥ ਨਾਲ ਜੁੜੇ ਇਕਬਾਲ ਸਿੰਘ ਨੇ ਸਿੱਖ ਕੌਮ ਨੂੰ ਲਵ-ਕੁਸ਼ ਦੇ ਵੰਸ਼ਜ ਕਿਹਾ ਸੀ। ਉਨ੍ਹਾਂ ਦੇ ਇਸ ਬਿਆਨੀ ਦੀ ਖੂਬ ਆਲੋਜਨਾ ਹੋਈ ਤਾਂ ਐਸਜੀਪੀਸੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਸੀ ਕਿ ਇਤਿਹਾਸ ਨੂੰ ਵਿਗਾੜਣਾ ਸਾਬਕਾ ਜਥੇਦਾਰ ਨੂੰ ਨਹੀਂ ਸੋਭਦਾ। ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦਿੱਲੀ (ਸਰਨਾ) ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਉਨ੍ਹਾਂ ’ਤੇ ਸਿੱਖ ਮਰਿਆਦਾ ਦੀ ਉਲੰਘਣਾ ਕਰਨ ਅਤੇ ਇਤਿਹਾਸ ਦੀ ਗਲਤ ਵਿਆਖਿਆ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਮੰਗ ਕੀਤੀ ਕਿ ਅਕਾਲ ਤਖਤ ਦੇ ਜਤੇਦਾਰ ਗਿਆਨੀ ਹਰਪ੍ਰੀਤ ਸਿੰਘ ਉਨ੍ਹਾਂ ਖਿਲਾਫ ਕਾਰਵਾਈ ਕਰਨ।
ਇਸ ਸਾਰੇ ਮਸਲੇ ’ਤੇ ਅੰਮ੍ਰਿਤਸਰ ਸਰਬੱਤ ਖਾਲਸਾ ਵੱਲੋਂ ਨਿਯੁਕਤ ਕਾਰਜਵਾਹਕ ਧਿਆਨ ਸਿੰਘ ਮੰਡ ਨੇ ਗਿਆਨੀ ਇਕਬਾਲ ਸਿੰਘ ਨੂੰ 20 ਅਗਸਤ ਨੂੰ ਅਕਾਲ ਤਖਤ ’ਤੇ ਪੇਸ਼ ਹੋਣ ਦੀਆਂ ਹਿਦਾਇਤਾਂ ਦਿੱਤੀਆਂ ਸਨ। ਉਹ ਪੇਸ਼ ਨਹੀਂ ਹੋਏ। ਅਕਾਲ ਤਖਤ ਸਾਹਿਬ ’ਤੇ ਨਤਮਸਤਕ ਹੋਣ ਤੋਂ ਬਾਅਦ ਹੁਕਮ ਜਾਰੀ ਕਰਦੇ ਹੋਏ ਮੰਡ ਨੇ ਕਿਹਾ ਕਿ ਕੌਮ ਵਿਰੋਧੀ ਬਿਆਨ ਦੇਣ ਅਤੇ ਬੁਲਾਉਣ ’ਤੇ ਨਹੀਂ ਆਉਣ ਕਾਰਨ ਉਨ੍ਹਾਂ ਨੂੰ ਪੰਥ ਤੋਂ ਛੇਕਿਆ ਜਾਂਦਾ ਹੈ। ਨਾਲ ਹੀ ਹੁਕਮ ਦਿੱਤੇ ਹਨ ਕਿ ਗਿਆਨੀ ਇਕਬਾਲ ਸਿੰਘ ਆਪਣੇ ਨਾਂ ਦੇ ਨਾਲ ਨਾ ਤਾਂ ਗਿਆਨੀ ਅਤੇ ਨਾ ਹੀ ਜਥੇਦਾਰ ਲਗਾ ਸਕਣਗੇ। ਆਪਣੇ ਨਾਂ ਪਿੱਛੇ ਉਹ ਸਿੰਘ ਸ਼ਬਦ ਵੀ ਨਹੀਂ ਲਗਾਉਣਗੇ। ਸਿੱਖ ਕੌਮ ਗਿਆਨੀ ਇਕਬਾਲ ਸਿੰਘ ਨਾਲ ਆਪਣੇ ਸਾਰੇ ਰਿਸ਼ਤੇ ਖਤਮ ਕਰੇ।